ਚੱਲਦੀ ਰੇਲਗੱਡੀ ’ਚ ਚੜ੍ਹਨਾ-ਉਤਰਨਾ ਤੇ ਸੈਲਫੀ ਲੈਣਾ ਹੋ ਸਕਦਾ ਹੈ ਜਾਨਲੇਵਾ
ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਮੁਸਾਫ਼ਰਾਂ ਲਈ ਅਹਿਮ ਸੁਰੱਖਿਆ ਐਡਵਾਈਜ਼ਰੀ ਜਾਰੀ
Publish Date: Wed, 08 Apr 2026 05:36 PM (IST)
Updated Date: Wed, 08 Apr 2026 05:38 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਰੇਲ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਰੇਲ ਸਫਰ ਨੂੰ ਸੁਖਾਵਾਂ ਬਣਾਉਣ ਦੇ ਉਦੇਸ਼ ਨਾਲ ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਵਿਸ਼ੇਸ਼ ਜਨ-ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਰੇਲਵੇ ਪ੍ਰਸ਼ਾਸਨ ਨੇ ਮੁਸਾਫ਼ਰਾਂ ਅਤੇ ਆਮ ਨਾਗਰਿਕਾਂ ਲਈ ਇਕ ਸੁਰੱਖਿਆ ਸਲਾਹ ਜਾਰੀ ਕਰਦਿਆਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਰੇਲਵੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਚਲਦੀ ਰੇਲਗੱਡੀ ਵਿਚ ਚੜ੍ਹਨ ਜਾਂ ਉਤਰਨ ਦੀ ਕੋਸ਼ਿਸ਼ ਕਦੇ ਵੀ ਨਾ ਕੀਤੀ ਜਾਵੇ। ਅਜਿਹਾ ਕਰਨਾ ਜਾਨਲੇਵਾ ਹੋ ਸਕਦਾ ਹੈ। ਯਾਤਰੀ ਹਮੇਸ਼ਾ ਰੇਲਗੱਡੀ ਦੇ ਪੂਰੀ ਤਰ੍ਹਾਂ ਰੁਕਣ ਤੋਂ ਬਾਅਦ ਹੀ ਪਲੇਟਫਾਰਮ ਤੋਂ ਸੁਰੱਖਿਅਤ ਤਰੀਕੇ ਨਾਲ ਚੜ੍ਹਨ ਜਾਂ ਉਤਰਨ। ਇਸ ਤੋਂ ਇਲਾਵਾ, ਚੱਲਦੀ ਗੱਡੀ ਦੇ ਦਰਵਾਜ਼ੇ ਜਾਂ ਪਾਇਦਾਨ ’ਤੇ ਖੜ੍ਹੇ ਹੋ ਕੇ ਸਫ਼ਰ ਕਰਨਾ ਜਾਂ ਸੈਲਫੀ ਲੈਣਾ ਗੰਭੀਰ ਹਾਦਸਿਆਂ ਨੂੰ ਸੱਦਾ ਦੇਣਾ ਹੈ। ਰੇਲਵੇ ਐਕਟ ਦੇ ਅਨੁਸਾਰ ਰਾਖਵੇਂ ਕੋਚਾਂ ਤੋਂ ਇਲਾਵਾ ਦਿਵਿਆਂਗ ਕੋਚ, ਮਹਿਲਾ ਕੋਚ, ਗਾਰਡ ਬ੍ਰੇਕ ਜਾਂ ਪਾਰਸਲ ਵੈਨ ਵਿਚ ਅਣਅਧਿਕਾਰਤ ਤੌਰ ’ਤੇ ਸਫ਼ਰ ਕਰਨਾ ਇਕ ਸਜ਼ਾਯੋਗ ਅਪਰਾਧ ਹੈ। ਅਜਿਹਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਯਾਤਰੀਆਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਸਫ਼ਰ ਦੌਰਾਨ ਆਪਣੇ ਸਾਮਾਨ ਦੀ ਖੁਦ ਰੱਖਿਆ ਕਰਨ ਅਤੇ ਕੀਮਤੀ ਵਸਤੂਆਂ ਨੂੰ ਖਿੜਕੀ ਜਾਂ ਦਰਵਾਜ਼ੇ ਦੇ ਨੇੜੇ ਰੱਖਣ ਤੋਂ ਗੁਰੇਜ਼ ਕਰਨ। ਉਨ੍ਹਾਂ ਆਖਿਆ ਕਿ ਸਫ਼ਰ ਦੌਰਾਨ ਕਿਸੇ ਵੀ ਅਣਜਾਣ ਵਿਅਕਤੀ ਤੋਂ ਖਾਣ-ਪੀਣ ਵਾਲੀਆਂ ਵਸਤੂਆਂ ਲੈਣ ਤੋਂ ਪ੍ਰਹੇਜ਼ ਕਰੋ। ਰੇਲਗੱਡੀ ਵਿਚ ਜਲਣਸ਼ੀਲ ਪਦਾਰਥ ਜਿਵੇਂ ਗੈਸ ਸਿਲੰਡਰ, ਪਟਾਕੇ ਜਾਂ ਪੈਟਰੋਲ ਲੈ ਕੇ ਜਾਣਾ ਸਖ਼ਤ ਮਨ੍ਹਾ ਹੈ। ਜੇਕਰ ਰੇਲਵੇ ਸਟੇਸ਼ਨ ਜਾਂ ਗੱਡੀ ਵਿਚ ਕੋਈ ਲਵਾਰਿਸ ਜਾਂ ਸ਼ੱਕੀ ਵਸਤੂ ਦਿਖਾਈ ਦੇਵੇ, ਤਾਂ ਤੁਰੰਤ ਟੀਟੀਈ, ਆਰਪੀਐੱਫ ਜਾਂ ਜੀਆਰਪੀ ਨੂੰ ਸੂਚਿਤ ਕਰੋ। ਫਿਰੋਜ਼ਪੁਰ ਦੇ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਕਿਹਾ ਕਿ ਯਾਤਰੀਆਂ ਦੀ ਮਾਮੂਲੀ ਲਾਪਰਵਾਹੀ ਨਾ ਸਿਰਫ ਰੇਲ ਗੱਡੀਆਂ ਦੇ ਸੰਚਾਲਨ ਨੂੰ ਪ੍ਰਭਾਵਿਤ ਕਰਦੀ ਹੈ, ਸਗੋਂ ਉਨ੍ਹਾਂ ਦੀ ਆਪਣੀ ਜਾਨ ਲਈ ਵੀ ਖਤਰਾ ਬਣ ਸਕਦੀ ਹੈ। ਉਨ੍ਹਾਂ ਨੇ ਮੁਸਾਫ਼ਰਾਂ ਨੂੰ ਅਪੀਲ ਕੀਤੀ ਕਿ ਉਹ ਰੇਲਵੇ ਦੇ ਸੁਰੱਖਿਆ ਨਿਯਮਾਂ ਦਾ ਪਾਲਣਾ ਕਰਨ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਰੇਲਵੇ ਹੈਲਪਲਾਈਨ ਨੰਬਰ 139 ’ਤੇ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਰੇਲਵੇ ਦਾ ਮੁੱਖ ਟੀਚਾ ਹਰ ਯਾਤਰੀ ਨੂੰ ਇਕ ਸੁਰੱਖਿਅਤ ਅਤੇ ਸੁਖਦ ਯਾਤਰਾ ਦਾ ਅਨੁਭਵ ਪ੍ਰਦਾਨ ਕਰਨਾ ਹੈ।