ਸਰਕਾਰੀ ਕੰਮਕਾਜ ਵਿਚ ਸਰਲ ਹਿੰਦੀ ਤੇ ਭਾਸ਼ਾਈ ਨਿਯਮਾਂ ਦੀ ਪਾਲਣਾ ’ਤੇ ਦਿੱਤਾ ਜ਼ੋਰ
ਫਿਰੋਜ਼ਪੁਰ ਰੇਲ ਮੰਡਲ ਵੱਲੋਂ ਰਾਜਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਅਹਿਮ ਮੀਟਿੰਗ
Publish Date: Mon, 23 Mar 2026 05:30 PM (IST)
Updated Date: Mon, 23 Mar 2026 05:31 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਮੰਡਲ ਦੀ ‘ਮੰਡਲ ਰਾਜਭਾਸ਼ਾ ਕਾਰਜਕਾਰੀ ਕਮੇਟੀ’ ਦੀ ਇਕ ਵਿਸ਼ੇਸ਼ ਮੀਟਿੰਗ ਅੱਜ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਮੰਡਲ ਦਫ਼ਤਰ ਦੇ ਸਭਾ ਹਾਲ ਵਿਚ ਹੋਈ। ਇਸ ਮੀਟਿੰਗ ਵਿਚ ਮੰਡਲ ਦੇ ਸਾਰੇ ਸ਼ਾਖਾ ਅਧਿਕਾਰੀਆਂ ਅਤੇ ਮੁੱਖ ਦਫ਼ਤਰ ਸੁਪਰਡੈਂਟਾਂ ਨੇ ਸ਼ਿਰਕਤ ਕੀਤੀ।ਮੀਟਿੰਗ ’ਚ ਮੰਡਲ ਰੇਲ ਪ੍ਰਬੰਧਕ ਨੇ ਕਿਹਾ ਕਿ ਹਿੰਦੀ ਦੇ ਖੇਤਰ ਵਿਚ ਅਜੇ ਹੋਰ ਸੁਧਾਰ ਦੀ ਲੋੜ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵਿਭਾਗੀ ਨਿਰੀਖਣ ਦੌਰਾਨ ਰਾਜਭਾਸ਼ਾ ਦੀ ਪ੍ਰਗਤੀ ਦੀ ਵੀ ਜਾਂਚ ਕਰਨ ਅਤੇ ਇਸ ਦਾ ਜ਼ਿਕਰ ਆਪਣੀ ਰਿਪੋਰਟ ਵਿਚ ਜ਼ਰੂਰ ਕਰਨ। ਉਨ੍ਹਾਂ ਨੇ ਰਾਜਭਾਸ਼ਾ ਵਿਚ ਕੰਮ ਕਰਦੇ ਸਮੇਂ ਔਖੇ ਸ਼ਬਦਾਂ ਦੀ ਬਜਾਏ ਸਹਿਜ ਅਤੇ ਸਰਲ ਸ਼ਬਦਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ‘ਕ’ ਖੇਤਰ ਵਿੱਚ ਦੋ-ਭਾਸ਼ੀ ਅਤੇ ‘ਖ’ ਤੇ ‘ਗ’ ਖੇਤਰਾਂ ਵਿਚ ਤਿੰਨ-ਭਾਸ਼ੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ।ਵਧੀਕ ਮੰਡਲ ਰੇਲ ਪ੍ਰਬੰਧਕ ਨਿਤਿਨ ਗਰਗ ਨੇ ਸਾਰੇ ਅਧਿਕਾਰੀਆਂ ਨੂੰ ਖੁਦ ਹਿੰਦੀ ਵਿਚ ਕੰਮ ਕਰਨ ਅਤੇ ਆਪਣੇ ਅਧੀਨ ਕਰਮਚਾਰੀਆਂ ਨੂੰ ਵੀ ਇਸ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦਫ਼ਤਰੀ ਕੰਮਕਾਜ ਦੀ ਸਮੇਂ-ਸਮੇਂ ’ਤੇ ਸਮੀਖਿਆ ਹੋਣੀ ਚਾਹੀਦੀ ਹੈ। ਮੀਟਿੰਗ ਦੀ ਕਾਰਵਾਈ ਸਹਾਇਕ ਮੰਡਲ ਸਮੱਗਰੀ ਪ੍ਰਬੰਧਕ ਅਤੇ ਰਾਜਭਾਸ਼ਾ ਅਧਿਕਾਰੀ ਮਸਤਰਾਮ ਮੀਨਾ ਵੱਲੋਂ ਚਲਾਈ ਗਈ ਅਤੇ ਅੰਤ ਵਿੱਚ ਸਭ ਦਾ ਧੰਨਵਾਦ ਕਰਦਿਆਂ ਮੀਟਿੰਗ ਦੀ ਸਮਾਪਤੀ ਹੋਈ।