ਫਿਰੋਜ਼ਪੁਰ ਰੇਲਵੇ ਮੰਡਲ ਨੇ ਆਲੂਆਂ ਤੋਂ ਕਮਾਈ ਸਾਢੇ 29 ਕਰੋੜ ਰੁਪਏ
ਫਿਰੋਜ਼ਪੁਰ ਰੇਲਵੇ ਮੰਡਲ ਨੇ ਆਲੂਆਂ ਤੋਂ ਕਮਾਈ ਸਾਢੇ 29 ਕਰੋੜ ਰੁਪਏ
Publish Date: Thu, 23 Apr 2026 07:36 PM (IST)
Updated Date: Fri, 24 Apr 2026 04:08 AM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਬੀਤੇ ਕਈ ਸਾਲਾਂ ਤੋਂ ਘਾਟੇ ਵਿਚ ਚੱਲ ਰਹੀ ਆਲੂਆਂ ਦੀ ਫਸਲ ਨੇ ਭਾਵੇਂ ਕਿਸਾਨਾਂ ਨੂੰ ਤਾਂ ਬਣਦੇ ਖਰਚੇ ਵੀ ਪੂਰੇ ਨਾ ਕਰਵਾਏ ਹੋਣ ਪਰ , ਇੰਨ੍ਹਾਂ ਆਲੂਆਂ ਨੇ ਰੇਲਵੇ ਮੰਡਲ ਫਿਰੋਜ਼ਪੁਰ ਨੂੰ ਮਾਲਾਮਾਲ ਕਰ ਦਿੱਤਾ ਹੈ । ਡੀਆਰਐਮ ਦਫਤਰ ਫਿਰੋਜ਼ਪੁਰ ਵੱਲੋਂ ਜਾਰੀ ਆਂਕੜਿਆਂ ਅਨੁਸਾਰ ਪੰਜਾਬ ਦੇ ਵੱਖ ਵੱਖ ਸਟੇਸ਼ਨਾਂ ਤੋਂ ਦੇਸ਼ ਭਰ ਵਿੱਚ ਆਲੂ ਢੋਅ ਕੇ ਰੇਲਵੇ ਮੰਡਲ ਫਿਰੋਜ਼ਪੁਰ ਨੇ ਨਾ ਸਿਰਫ ਮਾਲ ਢੁਆਈ ਦੇ ਖੇਤਰ ਵਿਚ ਇਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ,ਸਗੋਂ ਅਜਿਹਾ ਕਰਕੇ ਰੇਲਵੇ ਨੇ 29 ਕਰੋੜ 54 ਲੱਖ ਰੁਪਏ ਦਾ ਮਾਲੀਆ ਵੀ ਇਕੱਠਾ ਕੀਤਾ ਹੈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਯੋਗ ਅਗਵਾਈ ਹੇਠ ਫਿਰੋਜ਼ਪੁਰ ਮੰਡਲ ਦੀ ਬਿਜ਼ਨੈੱਸ ਡਿਵੈਲਪਮੈਂਟ ਯੂਨਿਟ ਨੇ ਆਪਣੀਆਂ ਕੋਸ਼ਿਸ਼ਾਂ ਸਦਕਾ ਆਲੂਆਂ ਦੀ ਲੋਡਿੰਗ ਵਿਚ ਬੇਮਿਸਾਲ ਵਾਧਾ ਦਰਜ ਕੀਤਾ ਹੈ। ਡੀਆਰਐਮ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਰਾਹੀਂ ਰੇਲਵੇ ਨੇ ਨਾ ਸਿਰਫ਼ ਵਪਾਰੀਆਂ ਨੂੰ ਸਹੂਲਤ ਦਿੱਤੀ ਹੈ, ਸਗੋਂ ਸਰਕਾਰੀ ਖਜ਼ਾਨੇ ਵਿਚ 29.54 ਕਰੋੜ ਰੁਪਏ ਦਾ ਵੱਡਾ ਮਾਲੀਆ ਵੀ ਜਮ੍ਹਾਂ ਕਰਵਾਇਆ ਹੈ।ਰੇਲਵੇ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦਸੰਬਰ 2025 ਤੋਂ ਅਪ੍ਰੈਲ 2026 ਦੇ ਦਰਮਿਆਨ ਮੰਡਲ ਨੇ ਵੱਖ-ਵੱਖ ਭਾਈਵਾਲਾਂ ਨਾਲ ਨਿਯਮਤ ਮੀਟਿੰਗਾਂ ਕੀਤੀਆਂ ਅਤੇ ਬਿਹਤਰ ਤਾਲਮੇਲ ਸਥਾਪਿਤ ਕੀਤਾ। ਇਸ ਦੇ ਨਤੀਜੇ ਵਜੋਂ ਕੁੱਲ 477 ਵੈਗਨਾਂ ਵਿਚ ਰਿਕਾਰਡ ਲੋਡਿੰਗ ਕੀਤੀ ਗਈ। ਇਨ੍ਹਾਂ ਵੈਗਨਾਂ ਰਾਹੀਂ ਲੱਗਭੱਗ 27,174 ਮੀਟ੍ਰਿਕ ਟਨ ਆਲੂਆਂ ਦੀ ਢੁਆਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤੀ ਗਈ। ਫਿਰੋਜ਼ਪੁਰ ਮੰਡਲ ਨੇ ਪੰਜਾਬ ਦੇ ਪ੍ਰਮੁੱਖ ਸਟੇਸ਼ਨਾਂ ਜਿਵੇਂ ਕਿ ਕਪੂਰਥਲਾ, ਹੁਸ਼ਿਆਰਪੁਰ, ਮਲਸੀਆਂ ਸ਼ਾਹਕੋਟ, ਬੂਟਾਰੀ, ਸੁਰਾਨੁੱਸੀ ਅਤੇ ਜਲੰਧਰ ਸਿਟੀ ਤੋਂ ਲੋਡਿੰਗ ਕਰਕੇ ਮਾਲ ਨੂੰ ਦੂਰ-ਦਰਾਡੇ ਦੇ ਸੂਬਿਆਂ ਤੱਕ ਪਹੁੰਚਾਇਆ। ਇਹ ਸਪਲਾਈ ਮੁੱਖ ਤੌਰ ’ਤੇ ਹਾਸਨ (ਕਰਨਾਟਕ), ਆਜਰਾ ਅਤੇ ਜੋਰਹਾਟ (ਅਸਾਮ), ਜਿਰਾਣੀਆ (ਤ੍ਰਿਪੁਰਾ) ਆਦਿ ਸਟੇਸ਼ਨਾਂ ਲਈ ਭੇਜੀ ਗਈ, ਜਿਸ ਨਾਲ ਪੰਜਾਬ ਦੇ ਆਲੂਆਂ ਦੀ ਪਹੁੰਚ ਦੱਖਣੀ ਅਤੇ ਉੱਤਰ-ਪੂਰਬੀ ਭਾਰਤ ਤੱਕ ਹੋਰ ਮਜ਼ਬੂਤ ਹੋਈ ਹੈ। ਰੇਲਵੇ ਪ੍ਰਸ਼ਾਸਨ ਨੇ ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਫੁੱਟਕਲ ਵੈਗਨਾਂ ਦੀ ਲੋਡਿੰਗ ਦੀ ਵਿਵਸਥਾ ਵੀ ਕੀਤੀ ਹੈ। ਇਸ ਨਾਲ ਛੋਟੇ ਵਪਾਰੀ ਅਤੇ ਕਿਸਾਨ ਆਪਣਾ ਮਾਲ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਆਸਾਨੀ ਨਾਲ ਬੁੱਕ ਕਰਵਾ ਸਕਦੇ ਹਨ। ਮੋਗਾ, ਕਪੂਰਥਲਾ, ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਲੁਧਿਆਣਾ ਵਰਗੇ ਖੇਤਰਾਂ ਵਿਚ ਆਲੂ ਦੀ ਭਾਰੀ ਪੈਦਾਵਾਰ ਨੂੰ ਦੇਖਦੇ ਹੋਏ, ਉੱਥੋਂ ਦੇ ਕਿਸਾਨਾਂ ਨੂੰ ਰੇਲਵੇ ਦੀਆਂ ਇਨ੍ਹਾਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਕਿਹਾ ਕਿ ਇਹ ਸਫ਼ਲਤਾ ਫਿਰੋਜ਼ਪੁਰ ਮੰਡਲ ਦੀ ਕੁਸ਼ਲ ਕਾਰਜਪ੍ਰਣਾਲੀ ਅਤੇ ਗਾਹਕਾਂ ਨੂੰ ਦਿੱਤੀਆਂ ਜਾ ਰਹੀਆਂ ਬਿਹਤਰ ਸਹੂਲਤਾਂ ਦਾ ਨਤੀਜਾ ਹੈ। ਮੰਡਲ ਵੱਲੋਂ ਆਉਣ ਵਾਲੇ ਸਮੇਂ ਵਿਚ ਮਾਲ ਢੁਆਈ ਨੂੰ ਹੋਰ ਹੁਲਾਰਾ ਦੇਣ ਅਤੇ ਗਾਹਕਾਂ ਦੀਆਂ ਲੋੜਾਂ ਮੁਤਾਬਿਕ ਸੇਵਾਵਾਂ ਵਿਚ ਸੁਧਾਰ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾਣਗੇ।