Ferozepur News : ਕੋਰਟ ਮੈਰਿਜ ਕਰਵਾ ਕੇ ਘਰ ਪਰਤੇ ਪ੍ਰੇਮੀ ਜੋੜੇ ਨੂੰ ਲੈਣ ਪਹੁੰਚੀ ਪੁਲਿਸ, ਲੜਕੀ ਨੇ ਕੀਤਾ ਵਿਰੋਧ
ਪਿੰਡ ਰਾਓ ਕੇ ਉਤਾੜ ਵਿਚ ਉਸ ਸਮੇਂ ਹਾਈ-ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਕੋਰਟ ਮੈਰਿਜ ਕਰਨ ਦਾ ਦਾਅਵਾ ਕਰਕੇ ਘਰ ਪਰਤੇ ਇਕ ਪ੍ਰੇਮੀ ਜੋੜੇ ਨੂੰ ਹਿਰਾਸਤ ਵਿਚ ਲੈਣ ਲਈ ਪੁਲਿਸ ਪਹੁੰਚ ਗਈ।
Publish Date: Mon, 01 Jun 2026 06:25 PM (IST)
Updated Date: Mon, 01 Jun 2026 06:29 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਪਿੰਡ ਰਾਓ ਕੇ ਉਤਾੜ ਵਿਚ ਉਸ ਸਮੇਂ ਹਾਈ-ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਕੋਰਟ ਮੈਰਿਜ ਕਰਨ ਦਾ ਦਾਅਵਾ ਕਰਕੇ ਘਰ ਪਰਤੇ ਇਕ ਪ੍ਰੇਮੀ ਜੋੜੇ ਨੂੰ ਹਿਰਾਸਤ ਵਿਚ ਲੈਣ ਲਈ ਪੁਲਿਸ ਪਹੁੰਚ ਗਈ। ਪੁਲਿਸ ਕਾਰਵਾਈ ਦਾ ਲੜਕੀ ਨੇ ਵਿਰੋਧ ਕੀਤਾ, ਜਦਕਿ ਪਿੰਡ ਦੇ ਕਈ ਲੋਕਾਂ ਨੇ ਵੀ ਪੁਲਿਸ ਨਾਲ ਬਹਿਸ ਕਰਦੇ ਹੋਏ ਜੋੜੇ ਦਾ ਪੱਖ ਲਿਆ। ਕੁਝ ਦਿਨ ਪਹਿਲਾਂ ਪਿੰਡ ਦੀ ਇਕ ਲੜਕੀ ਅਤੇ ਨੌਜਵਾਨ ਘਰੋਂ ਚਲੇ ਗਏ ਸਨ। ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ’ਚ ਦੋਸ਼ ਲਗਾਇਆ ਸੀ ਕਿ ਨੌਜਵਾਨ ਉਨ੍ਹਾਂ ਦੀ ਨਾਬਾਲਗ ਲੜਕੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ। ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਬੀਤੇ ਸ਼ੁੱਕਰਵਾਰ ਨੂੰ ਜਦੋਂ ਨੌਜਵਾਨ ਅਤੇ ਲੜਕੀ ਵਾਪਸ ਪਿੰਡ ਪਹੁੰਚੇ ਤਾਂ ਲੜਕੀ ਦੇ ਹੱਥਾਂ ਵਿਚ ਵਿਆਹ ਦਾ ਚੂੜਾ ਸੀ। ਦੋਵਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਕੋਰਟ ਮੈਰਿਜ ਕੀਤੀ ਹੈ। ਜੋੜੇ ਨੇ ਆਪਣੇ ਦਾਅਵੇ ਦੇ ਸਮਰਥਨ ਵਿਚ ਵਿਆਹ ਸਬੰਧੀ ਦਸਤਾਵੇਜ਼ ਵੀ ਦਿਖਾਏ। ਇਸੇ ਦੌਰਾਨ ਪੁਲਿਸ ਨੌਜਵਾਨ ਦੇ ਘਰ ਪਹੁੰਚ ਗਈ ਅਤੇ ਦੋਵਾਂ ਨੂੰ ਆਪਣੇ ਨਾਲ ਲੈ ਜਾਣ ਲੱਗੀ। ਪੁਲਿਸ ਕਾਰਵਾਈ ਦਾ ਵਿਰੋਧ ਕਰਦਿਆਂ ਲੜਕੀ ਨੇ ਕਿਹਾ ਕਿ ਉਸਨੇ ਆਪਣੀ ਇੱਛਾ ਨਾਲ ਵਿਆਹ ਕੀਤਾ ਹੈ ਅਤੇ ਉਸ ਨੂੰ ਅਗਵਾ ਨਹੀਂ ਕੀਤਾ ਗਿਆ। ਮੌਕੇ ’ਤੇ ਮੌਜੂਦ ਪਿੰਡ ਵਾਸੀਆਂ ਨੇ ਵੀ ਪੁਲਿਸ ਤੋਂ ਜੋੜੇ ਦੀ ਗੱਲ ਸੁਣਨ ਦੀ ਮੰਗ ਕੀਤੀ। ਹਾਲਾਂਕਿ ਪੁਲਿਸ ਦੋਵਾਂ ਨੂੰ ਆਪਣੇ ਨਾਲ ਥਾਣੇ ਲੈ ਗਈ।
ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਹੋਵੇਗੀ ਅਗਲੀ ਕਾਰਵਾਈ: ਡੀਐੱਸਪੀ
ਡੀਐੱਸਪੀ ਦਿਹਾਤੀ ਕਰਨ ਸ਼ਰਮਾ ਨੇ ਦੱਸਿਆ ਕਿ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੀ ਸ਼ਿਕਾਇਤ ’ਤੇ ਪਹਿਲਾਂ ਤੋਂ ਮਾਮਲਾ ਦਰਜ ਹੈ, ਇਸ ਲਈ ਪੁਲਿਸ ਆਪਣੀ ਕਾਨੂੰਨੀ ਜ਼ਿੰਮੇਵਾਰੀ ਨਿਭਾਉਣ ਲਈ ਮੌਕੇ ’ਤੇ ਪਹੁੰਚੀ ਸੀ। ਉਨ੍ਹਾਂ ਕਿਹਾ ਕਿ ਪ੍ਰੇਮੀ ਜੋੜੇ ਦੁਆਰਾ ਪੇਸ਼ ਕੀਤੇ ਗਏ ਕੋਰਟ ਮੈਰਿਜ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ। ਜੇਕਰ ਦਸਤਾਵੇਜ਼ ਸਹੀ ਪਾਏ ਗਏ ਅਤੇ ਕਾਨੂੰਨੀ ਤੌਰ ’ਤੇ ਸਭ ਕੁਝ ਠੀਕ ਹੋਇਆ ਤਾਂ ਨਿਯਮ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਮੁਲਾਜ਼ਮਾਂ ’ਤੇ ਲਗਾਏ ਗਏ ਦੋਸ਼ਾਂ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਕਰਮਚਾਰੀਆਂ ਖਿਲਾਫ ਉੱਚਿਤ ਕਾਰਵਾਈ ਕੀਤੀ ਜਾਵੇਗੀ।