- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਇਕ ਬੇਹੱਦ ਮੰਦਭਾਗੀ ਅਤੇ ਸ਼ਰਮਨਾਕ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਕ੍ਰਿਕੇਟ ਦਾ ਵਰਲਡ ਕੱਪ ਜਿੱਤਣ ਦੀ ਖੁਸ਼ੀ ਮਨਾਉਣ ਦੇ ਨਾਂ 'ਤੇ ਐਤਵਾਰ ਦੇਰ ਰਾਤ ਕੁਝ ਨਸ਼ੇੜੀ ਨੌਜਵਾਨਾਂ ਵੱਲੋਂ ਮਹਾਨ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਘੋਰ ਬੇਅਦਬੀ ਕੀਤੀ ਗਈ।
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ, ਫਿਰੋਜ਼ਪੁਰ : ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਇਕ ਬੇਹੱਦ ਮੰਦਭਾਗੀ ਅਤੇ ਸ਼ਰਮਨਾਕ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਕ੍ਰਿਕੇਟ ਦਾ ਵਰਲਡ ਕੱਪ ਜਿੱਤਣ ਦੀ ਖੁਸ਼ੀ ਮਨਾਉਣ ਦੇ ਨਾਂ 'ਤੇ ਐਤਵਾਰ ਦੇਰ ਰਾਤ ਕੁਝ ਨਸ਼ੇੜੀ ਨੌਜਵਾਨਾਂ ਵੱਲੋਂ ਮਹਾਨ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਘੋਰ ਬੇਅਦਬੀ ਕੀਤੀ ਗਈ।
ਇਸ ਦੌਰਾਨ ਨਸ਼ੇ ਦੀ ਹਾਲਤ ਵਿੱਚ ਨੌਜਵਾਨ ਜਿਥੇ ਜੁੱਤੀਆਂ ਪਾ ਕੇ ਸ਼ਹੀਦ ਊਧਮ ਸਿੰਘ ਦੇ ਬੁੱਤ ’ਤੇ ਚੱੜ ਗਏ, ਉਥੇ ਸ਼ਰਾਬੀ ਹਾਲਤ ਵਿੱਚ ਕੌਮੀ ਝੰਡਾ ਲਹਿਰਾ ਕੇ ਹੁੜਦੰਗ ਮਚਾਉਂਦੇ ਰਹੇ। ਇਥੇ ਹੈਰਾਨੀ ਦੀ ਗੱਲ ਹੈ ਕਿ ਮੌਕੇ ’ਤੇ ਪਹੁੰਚੀ ਥਾਣਾ ਸਿਟੀ ਪੁਲਿਸ ਵੱਲੋਂ ਵੀ ਸਖਤੀ ਵਰਤਣ ਦੀ ਬਜਾਏ ਹੁੜਦੰਗੀਆਂ ਨੂੰ ਮਿੰਨਤਾਂ ਕਰਕੇ ਹੇਠਾਂ ਉਤਾਰਿਆ ਗਿਆ। ਉਧਰ ਇਸ ਸਬੰਧੀ ਵੀਡੀੳ ਵਾਇਰਲ ਹੋਣ ਮਗਰੋਂ ਲੋਕਾਂ ਵਿਚ ਰੋਸ ਵਧਣ ਮਗਰੋਂ ਪੁਲਿਸ ਵੱਲੋ ਕਾਰਵਾਈ ਦਾ ਭਰੋਸਾ ਜਤਾਇਆ ਜਾ ਰਿਹਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ਼ਹੀਦ ਊਧਮ ਸਿੰਘ ਯਾਦਗਰ ਕਮੇਟੀ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ ਅਤੇ ਸੁਖਚੈਨ ਸਿੰਘ ਖਾਈ ਨੇ ਦੱਸਿਆ ਕਿ ਬੀਤੀ ਐਤਵਾਰ ਰਾਤ ਕਰੀਬ 11 ਵਜੇ ਪੂਰਾ ਦੇਸ਼ ਭਾਰਤ ਦੀ ਕ੍ਰਿਕੇਟ ਟੀਮ ਵੱਲੋਂ ਵਰਲਡ ਕੱਪ ਦੀ ਜਿੱਤ ਦੇ ਜਸ਼ਨਾਂ ਵਿੱਚ ਡੁੱਬਿਆ ਹੋਇਆ ਸੀ। ਇਸ ਖੁਸ਼ੀ ਨੂੰ ਮਨਾਉਣ ਲਈ ਲੋਕ ਸੜਕਾਂ ’ਤੇ ਉਤਰੇ ਹੋਏ ਸਨ। ਇਸ ਦੌਰਾਨ ਸਥਾਨਕ ਸ਼ਹੀਦ ਊਧਮ ਸਿੰਘ ਚੌਕ ਵਿਖੇ ਅਚਾਨਕ ਨਸ਼ੇ ਦੀ ਹਾਲਤ ਵਿਚ ਕੁੱਝ ਹੁੜਦੰਗੀ ਆਏ ਅਤੇ ਜੁੱਤੀਆਂ ਸਮੇਤ ਸ਼ਹੀਦ ਉਧਮ ਸਿੰਘ ਦੇ ਬੁੱਤ ’ਤੇ ਚੱੜ ਗਏ।
ਇਨ੍ਹਾਂ ਹੀ ਨਹੀਂ ਜਿਥੇ ਉਨ੍ਹਾਂ ਵੱਲੋਂ ਚੌਂਕ ਵਿਚ ਲੱਗੀਆਂ ਲਾਈਟਾਂ ਅਤੇ ਫੁੱਲਾਂ ਪੌਧਿਆਂ ਦੀ ਵੀ ਤੋੜ ਭੰਨ ਕੀਤੀ ਗਈ।ਇਥੇ ਹੀ ਬੱਸ ਨਹੀਂ ਹੁੜਦੰਗੀਆਂ ਵੱਲੋਂ ਸ਼ਰਾਬ ਦੇ ਨਸ਼ੇ ਵਿਚ ਸਾਡਾ ਬਹੁਤ ਹੀ ਸਤਿਕਾਰਤ ਕੌਮੀ ਝੰਡਾ ਵੀ ਫੜਿਆ ਹੋਇਆ ਸੀ।ਇਹ ਹੁੱਲੜਬਾਜ਼ ਨਾ ਸਿਰਫ਼ ਬੁੱਤ ਦੇ ਦੁਆਲੇ ਚੜ੍ਹ ਕੇ ਭੱਦੀਆਂ ਹਰਕਤਾਂ ਕਰ ਰਹੇ ਸਨ, ਸਗੋਂ ਕੌਮੀ ਝੰਡੇ ਦੀ ਪਵਿੱਤਰਤਾ ਅਤੇ ਮਾਨ-ਮਰਿਆਦਾ ਦਾ ਵੀ ਅਪਮਾਨ ਕਰ ਰਹੇ ਸਨ।
ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਇਹ ਹਰਕਤ ਫਿਰਕਾਪ੍ਰਸਤ ਭਾਵਨਾਵਾਂ ਨਾਲ ਸ਼ਹਿਰ ਦਾ ਮਾਹੌਲ ਖਰਾਬ ਕਰਨ ਅਤੇ ਲੋਕਾਂ ਦੇ ਹਿਰਦੇ ਵਲੂੰਧਰਨ ਲਈ ਕੀਤੀ ਗਈ ਹੈ।"
ਭਗਵਾਨ ਸਿੰਘ ਸਾਮਾ ਨੇ ਦੱਸਿਆ ਕਿ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵੀਡੀੳ ਵਾਇਰਲ ਹੋਣ ਮਗਰੋਂ ਉਨ੍ਹਾਂ ਵੱਲੋਂ ਡੀਐਸਪੀ ਸਿਟੀ ਸੁਖਵਿੰਦਰ ਸਿੰਘ ਨੂੰ ਦਰਖਾਸਤ ਦੇ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਦੋਸ਼ੀਆਂ ਖਿਲਾਫ ਕਰਾਂਗੇ ਬਣਦੀ ਕਾਰਵਾਈ; ਸੁਖਵਿੰਦਰ ਸਿੰਘ ਡੀਐੱਸਪੀ ਸਿਟੀ
ਇਸ ਸਬੰਧੀ ਪੁੱਛੇ ਜਾਣ ’ਤੇ ਡੀਐੱਸਪੀ ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਵੱਲੋਂ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਉਨ੍ਹਾਂ ਆਖਿਆ ਕਿ ਸ਼ਹੀਦਾਂ ਦਾ ਅਪਮਾਨ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੋਸ਼ੀਆਂ ਦੀ ਸ਼ਿਨਾਖਤ ਕਰਕੇ ਕਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।