Ferozepur News : ‘ਕੱਟੇ’ ਦੇ ਕਤਲ ’ਚ 11 ਜਣਿਆਂ ਖਿਲਾਫ ਮਾਮਲਾ ਦਰਜ
ਫਿਰੋਜ਼ਪੁਰ ਛਾਉਣੀ ਦੇ ਸਿਵਿਆਂ ਕੋਲੋਂ ਬੀਤੀ ਸ਼ਾਮ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਚੁਫੇਰੇ ਸਨਸਨੀ ਫੈਲ ਗਈ । ਮੁੱਢਲੀ ਨਜ਼ਰੇ ਇਹ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ ਜਾਪ ਰਿਹਾ ਹੈ । ਵਾਰਦਾਤ ਦੀ ਖ਼ਬਰ ਮਿਲਦਿਆਂ ਹੀ ਥਾਣਾ ਕੈਂਟ ਪੁਲਿਸ ਮੋਕਾ ਏ ਵਾਰਦਾਤ ’ਤੇ ਪਹੁੰਚ ਗਈ । ਮ੍ਰਿਤਕ ਦੀ ਪਛਾਣ ਸਥਾਨਕ ਗਵਾਲ ਟੋਲੀ ਵਾਸੀ 18 ਸਾਲਾ ਅਸ਼ੀਸ਼ ਉਰਫ ਕੱਟਾ ਵਜੋਂ ਕਰ ਲਈ ਗਈ ਹੈ।
Publish Date: Mon, 30 Mar 2026 07:48 PM (IST)
Updated Date: Mon, 30 Mar 2026 07:50 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਛਾਉਣੀ ਦੇ ਸਿਵਿਆਂ ਕੋਲੋਂ ਬੀਤੀ ਸ਼ਾਮ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਚੁਫੇਰੇ ਸਨਸਨੀ ਫੈਲ ਗਈ । ਮੁੱਢਲੀ ਨਜ਼ਰੇ ਇਹ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ ਜਾਪ ਰਿਹਾ ਹੈ । ਵਾਰਦਾਤ ਦੀ ਖ਼ਬਰ ਮਿਲਦਿਆਂ ਹੀ ਥਾਣਾ ਕੈਂਟ ਪੁਲਿਸ ਮੋਕਾ ਏ ਵਾਰਦਾਤ ’ਤੇ ਪਹੁੰਚ ਗਈ । ਮ੍ਰਿਤਕ ਦੀ ਪਛਾਣ ਸਥਾਨਕ ਗਵਾਲ ਟੋਲੀ ਵਾਸੀ 18 ਸਾਲਾ ਅਸ਼ੀਸ਼ ਉਰਫ ਕੱਟਾ ਵਜੋਂ ਕਰ ਲਈ ਗਈ ਹੈ।
ਇਸ ਸਬੰਧੀ ਥਾਣਾ ਫਿਰੋਜ਼ਪੁਰ ਕੈਂਟ ਪੁਲਿਸ ਨੇ 11 ਵਿਅਕਤੀਆਂ ਖ਼ਿਲਾਫ਼ 103, 191 (3), 190 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੀ ਮਾਸੀ ਰਜਨੀ ਵਾਸੀ ਬਸਤੀ ਟੈਂਕਾਂਵਾਲੀ ਨੇ ਦੱਸਿਆ ਕਿ ਉਸ ਦੀ ਭੈਣ ਜੇਲ੍ਹ ਵਿਚ ਹੈ ਅਤੇ ਜੀਜੇ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਉਸ ਦਾ ਭਾਣਜਾ ਆਸ਼ਿਸ਼ ਉਰਫ ਕੱਟਾ ਉਸ ਨੂੰ ਮਿਲਣ ਆਇਆ ਸੀ। ਜਦੋਂ ਉਹ ਵਾਪਸ ਜਾ ਰਿਹਾ ਸੀ, ਤਾਂ ਦੁਪਹਿਰ ਕਰੀਬ 3 ਵਜੇ ਸ਼ਮਸ਼ਾਨਘਾਟ ਰੋਡ ’ਤੇ ਵੱਖ-ਵੱਖ ਗੱਡੀਆਂ ਵਿਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ।
ਰਜਨੀ ਨੇ ਦੱਸਿਆ ਕਿ ਹਮਲਾਵਰਾਂ ਕੋਲ ਕਿਰਪਾਨਾਂ, ਕਾਪੇ, ਰਾਡਾਂ ਅਤੇ ਚਾਕੂ ਸਨ। ਉਸ ਨੇ ਆਪਣੇ ਭਾਣਜੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਰੌਲਾ ਵੀ ਪਾਇਆ, ਪਰ ਦੋਸ਼ੀਅਨ ਨੇ ਬੇਰਹਿਮੀ ਨਾਲ ਆਸ਼ਿਸ਼ ਦੀ ਵੱਢ੍ਹ ਟੁੱਕ ਤੇ ਕੁੱਟਮਾਰ ਕੀਤੀ ਅਤੇ ਉਸ ਨੂੰ ਜਾਨੋਂ ਮਾਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਹਥਿਆਰਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ। ਰਜਨੀ ਨੇ ਦੱਸਿਆ ਕਿ ਉਕਤ ਹਮਲਾਵਰਾਂ ਦੀ ਪਛਾਣ ਸਲੀਮ, ਅਜੈ, ਅਭੀ , ਬੋਬੋ , ਮੈਂਗੋ , ਯੂਵੀ , ਰਿੰਕਲ, ਚੰਦੂ ਅਤੇ ਡੋਗਰਾ ਵਜੋਂ ਹੋਈ। ਵਜ਼ਾ ਰੰਜ਼ਿਸ਼ ਇਹ ਹੈ ਕਿ ਅਭੀ ਹੁਰਾਂ ਨਾਲ ਉਸ ਦੇ ਭਾਣਜੇ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ, ਜਿਸ ਕਰਕੇ ਇਨ੍ਹਾਂ ਨੇ ਹਮਮਸ਼ਵਰਾ ਹੋ ਕੇ ਉਸ ਦੇ ਭਾਣਜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।