ਬੀਤੇ ਦਿਨੀਂ ਡੇਰਾ ਬਿਆਸ ਵਿਖੇ ਅਚਾਨਕ ਬਿਮਾਰ ਹੋਏ ਸਰਹੱਦੀ ਪਿੰਡ ਹਜਾਰਾ ਸਿੰਘ ਵਾਲਾ ਦੇ ਇਕ ਨੌਜਵਾਨ ਦੀ ਇਲਾਜ਼ ਦੌਰਾਨ ਪੀਜੀਆਈ ਵਿਖੇ ਮੌਤ ਹੋਣ ਨਾਲ ਇਲਾਕੇ ਵਿਚ ਸੋਗ ਦੇ ਨਾਲ ਨਾਲ ਦਹਿਸ਼ਤ ਦਾ ਮਾਹੌਲ ਹੈ।
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ, ਮਮਦੋਟ (ਫਿਰੋਜ਼ਪੁਰ) ; ਬੀਤੇ ਦਿਨੀਂ ਡੇਰਾ ਬਿਆਸ ਵਿਖੇ ਅਚਾਨਕ ਬਿਮਾਰ ਹੋਏ ਸਰਹੱਦੀ ਪਿੰਡ ਹਜਾਰਾ ਸਿੰਘ ਵਾਲਾ ਦੇ ਇਕ ਨੌਜਵਾਨ ਦੀ ਇਲਾਜ ਦੌਰਾਨ ਪੀਜੀਆਈ ਵਿਖੇ ਮੌਤ ਹੋਣ ਨਾਲ ਇਲਾਕੇ ਵਿਚ ਸੋਗ ਦੇ ਨਾਲ ਨਾਲ ਦਹਿਸ਼ਤ ਦਾ ਮਾਹੌਲ ਹੈ।
ਮ੍ਰਿਤਕ ਦੀ ਪਛਾਣ ਅਰਸ਼ਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਇਸ ਨੂੰ ਕਾਲੇ ਪੀਲੀਏ ਨਾਲ ਹੋਈ ਮੌਤ ਦੱਸਿਆ ਜਾ ਰਿਹਾ ਹੈ ਤਾਂ ਕੁੱਝ ਸਥਾਨਕ ਲੋਕਾਂ ਵੱਲੋਂ ਇਸ ਨੂੰ ਬੀਤੇ ਦਿਨੀਂ ਪਿੰਡ ਦੇ ਬੱਚਿਆਂ ਨੂੰ ਗੰਦੇ ਪਾਣੀ ਤੋਂ ਹੋਈ ‘ਲੈਪਰੋਸਪਾਇਰੋਸਿਸ’ ਬਿਮਾਰੀ ਨਾਲ ਜੋੜਿਆ ਜਾ ਰਿਹਾ ਹੈ।
ਇਸ ਸਬੰਧੀ ਸਿਹਤ ਵਿਭਾਗ ਵੱਲੋਂ ‘ ਮਰੀਜ਼ ਦੇ ਰਿਕਾਰਡ ਦੀ ਪੜਤਾਲ ਮਗਰੋਂ ਹੀ ਪੁਸ਼ਟੀ’ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਰਹੱਦੀ ਕਸਬਾ ਮਮਦੋਟ ਦਾ ਇਕ ਨੌਜਵਾਨ ਅਰਸ਼ਪ੍ਰੀਤ ਸਿੰਘ ਕੁਝ ਦਿਨ ਪਹਿਲਾਂ ਆਪਣੇ ਰਿਸ਼ਤੇਦਾਰਾਂ ਨਾਲ ਡੇਰਾ ਬਿਆਸ ਗਿਆ ਸੀ ।ਉਥੇ ਅਚਾਨਕ ਉਸ ਨੂੰ ਉਲਟੀਆਂ ਆਉਣ ਕਾਰਣ ਇਕ ਦੋ ਦਿਨ ਉਹ ਉਥੇ ਬਿਮਾਰ ਹੋ ਗਿਆ।
ਇਸ ’ਤੇ ਜਦੋਂ ਗੰਭੀਰ ਹਾਲਤ ਵਿਚ ਉਸ ਨੂੰ ਵਾਪਸ ਲਿਆਂਦਾ ਜਾ ਰਿਹਾ ਸੀ ਤਾਂ ਰਸਤੇ ਵਿਚ ਉਹ ਬੇਹੋਸ਼ ਹੋ ਗਿਆ। ਇਸ ’ਤੇ ਰਿਸ਼ਤੇਦਾਰਾਂ ਵੱਲੋਂ ਦੱਸੇ ਜਾਣ ’ਤੇ ਅਰਸ਼ਦੀਪ ਸਿੰਘ ਦੇ ਪਿਤਾ ਮਖੂ ਕੋਲੋਂ ਜਾ ਕੇ ਉਸ ਨੂੰ ਕਾਰ ’ਤੇ ਸਿਵਲ ਹਸਪਤਾਲ ਫਿਰੋਜ਼ਪੁਰ ਲੈ ਆਏ। ਇਥੋਂ ਡਾਕਟਰਾਂ ਵੱਲੋਂ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ,ਜਿਥੋਂ ਡਾਕਟਰਾਂ ਵੱਲੋਂ ਉਸ ਨੂੰ ਏਮਜ਼ ਬਠਿੰਡਾ ਅਤੇ ਬਾਅਦ ਵਿਚ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਅਨੁਸਾਰ ਮਲਟੀਪਲ ਆਰਗਨ ਫੇਲ੍ਹ ਹੋਣ ਕਾਰਣ ਉਸ ਦੀ ਮੌਤ ਹੋ ਗਈ ।
ਮਰੀਜ਼ ਦੇ ਰਿਕਾਰੜ ਦੀ ਜਾਂਚ ਕੀਤੇ ਬਿਨ੍ਹ ਪੀਲੀਆ ਦੀ ਪੁਸ਼ਟੀ ਨਹੀਂ ਕੀਤੀ ਜਾ ਸੱਕਦੀ ; ਸਿਹਤ ਅਧਿਕਾਰੀ
---ਇਸ ਸਬੰਧੀ ਸਿਹਤ ਵਿਭਾਗ ਦੀ ਇਕ ਉੱਚ ਅਧਿਕਾਰੀ ਨੇ ਦੱਸਿਆ ਹੈ ਕਿ ਜਿੰਨੀ ਦੇਰ ਮਰੀਜ਼ ਦੇ ਰਿਕਾਰਡ ਦੀ ਪੜਤਾਲ ਨਹੀਂ ਹੁੰਦੀ ਉਨੀ ਦੇਰ ਤੱਕ ਪੀਲੀਏ ਦੇ ਕੇਸ ਦੀ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਉਕਤ ਨੌਜਵਾਨ ਨਾਲ ਸਬੰਧਤ ਰਿਕਾਰਡ ਮੰਗਾਇਆ ਜਾ ਰਿਹਾ ਹੈ। ਫਿਲਹਾਲ ਸਿਹਤ ਵਿਭਾਗ ਵੱਲੋਂ ਹੋਰ ਠੋਸ ਕਦਮ ਚੁੱਕੇ ਜਾ ਰਹੇ ਹਨ।
ਪਿੰਡ ਵਿਚ ‘ਲੈਪਰੋਸਪਾਇਰੋਸਿਸ’ ਕਾਰਣ ਹੋਈ ਸੀ ਇਕ ਬੱਚੀ ਦੀ ਮੌਤ,ਦਰਜਨ ਬੱਚੇ ਬਿਮਾਰ
ਬੀਤੇ ਦਿਨੀਂ ਇਕ ਰਹੱਸਮਈ ਬੀਮਾਰੀ ਕਾਰਣ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਇਕ ਸਕੂਲੀ ਬੱਚੀ ਦੀ ਮੌਤ ਹੋ ਗਈ ਸੀ ,ਜਦਕਿ ਦਰਜਨ ਦੇ ਕਰੀਬ ਬੱਚੇ ਗੰਭੀਰ ਬੀਮਾਰ ਹੋ ਗਏ ਸਨ।ਉਸ ਵੇਲੇ ਸਿਹਤ ਵਿਭਾਗ ਨੂੰ ਪਈਆਂ ਭਾਜੜਾਂ ਮਗਰੋਂ ਕੀਤੇ ਟੈਸਟਾਂ ਦੌਰਾਨ ਬੱਚਿਆਂ ਵਿਚ ‘ਲੈਪਰੋਸਪਾਇਰੋਸਿਸ ਬੀਮਾਰੀ ’ ਦੇ ਲੱਛਣ ਪਾਏ ਗਏ ਸਨ। ਉਸ ਦੌਰਾਨ ਸਿਹਤ ਵਿਭਾਗ ਦੀਆਂ ਕਈ ਟੀਮਾਂ ਕਈ ਦਿਨ ਪਿੰਡ ਵਿੱਚ ਰਹਿ ਕੇ ਇਲਾਜ਼ ਕਰਦੀਆਂ ਰਹੀਆਂ ਸਨ।
ਡੇਰਾ ਬਿਆਸ ਦਾ ਮਲਟੀਸਪੈਸ਼ਲਿਟੀ ਹਸਪਤਾਲ ਹੋਣ ਦੇ ਬਾਵਜੂਦ ਬਿਮਾਰ ਨੂੰ ਵਾਪਸ ਭੇਜਣਾ ਹੈਰਾਨਕੁੰਨ
ਇਸ ਸਬੰਧੀ ਕੁੱਝ ਸਥਾਨਕ ਲੋਕਾਂ ਵੱਲੋਂ ਹੈਰਾਨੀ ਜਤਾਈ ਜਾ ਰਹੀ ਹੈ ਕਿ ਡੇਰਾ ਬਿਆਸ ਵਿਖੇ ਬਹੁਤ ਹੀ ਜਿਆਦਾ ਉੱਚ ਪੱਧਰੀ ਕੁਆਲਟੀ ਵਾਲਾ ਹਸਪਤਾਲ ਹੋਣ ਦੇ ਬਾਵਜੂਦ ਇਕ ਗੰਭੀਰ ਬਿਮਾਰ ਮਰੀਜ਼ ਦਾ ਇਲਾਜ ਕਰਨ ਦੀ ਬਜਾਏ ਉਸ ਨੂੰ ਘੱਟ ਸਹੂਲਤਾਂ ਵਾਲੇ ਫਿਰੋਜ਼ਪੁਰ ਭੇਜਣਾ ਕਾਫੀ ਹੈਰਾਨ ਕਰ ਰਿਹਾ ਹੈ।