ਨਗਰ ਕੌਂਸਲ ਫਿਰੋਜ਼ਪੁਰ ਵੱਲੋਂ 11 ‘ਸਵੱਛਤਾ ਚੈਂਪੀਅਨ’ ਮਹਿਲਾਵਾਂ ਦਾ ਵਿਸ਼ੇਸ਼ ਸਨਮਾਨ
ਨਗਰ ਕੌਂਸਲ ਫਿਰੋਜ਼ਪੁਰ ਵੱਲੋਂ 11 ‘ਸਵੱਛਤਾ ਚੈਂਪੀਅਨ’ ਮਹਿਲਾਵਾਂ ਦਾ ਵਿਸ਼ੇਸ਼ ਸਨਮਾਨ
Publish Date: Tue, 10 Mar 2026 04:01 PM (IST)
Updated Date: Tue, 10 Mar 2026 04:06 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸ਼ੁਭ ਮੌਕੇ ’ਤੇ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ਼ਹਿਰ ਦੀ ਸਫਾਈ ਅਤੇ ਸਵੱਛਤਾ ਮੁਹਿੰਮ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 11 ਪ੍ਰਭਾਵਸ਼ਾਲੀ ਮਹਿਲਾਵਾਂ ਨੂੰ ‘ਸਵੱਛਤਾ ਚੈਂਪੀਅਨ’ ਦੇ ਖਿਤਾਬ ਨਾਲ ਨਿਵਾਜਿਆ ਗਿਆ। ਪੀਐੱਮਆਈਡੀਸੀ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਕਰਵਾਏ ਗਏ ਇਸ ਸਮਾਗਮ ਦਾ ਮੁੱਖ ਉਦੇਸ਼ ਮਹਿਲਾ ਸ਼ਕਤੀਕਰਨ ਅਤੇ ਸਵੱਛ ਭਾਰਤ ਮਿਸ਼ਨ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਸਲਾਹੁਣਾ ਸੀ। ਕਾਰਜ ਸਾਧਕ ਅਫਸਰ ਪੂਨਮ ਭਟਨਾਗਰ ਨੇ ਦੱਸਿਆ ਕਿ ਇਹ ਸਨਮਾਨ ਉਨ੍ਹਾਂ ਮਹਿਲਾਵਾਂ ਨੂੰ ਦਿੱਤਾ ਗਿਆ ਹੈ, ਜਿਨ੍ਹਾਂ ਨੇ ਪ੍ਰਸ਼ਾਸਨਿਕ ਸੁਧਾਰਾਂ, ਵਾਤਾਵਰਣ ਸੰਭਾਲ ਅਤੇ ਜ਼ਮੀਨੀ ਪੱਧਰ ’ਤੇ ਸਫਾਈ ਲਈ ਮਿਸਾਲੀ ਕੰਮ ਕੀਤੇ ਹਨ। ਸਨਮਾਨਿਤ ਹੋਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿਚ ਦੀਪ ਸ਼ਿਖਾ ਸ਼ਰਮਾ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਸਤੰਬਰ 2024 ਤੋਂ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਹੜ੍ਹਾਂ ਅਤੇ ਸਰਹੱਦੀ ਤਣਾਅ ਵਰਗੀਆਂ ਚੁਣੌਤੀਆਂ ਦਾ ਨਿਡਰਤਾ ਨਾਲ ਸਾਹਮਣਾ ਕੀਤਾ। ਉਨ੍ਹਾਂ ਦੀ ਅਗਵਾਈ ਹੇਠ ਫਿਰੋਜ਼ਪੁਰ ਦੀਆਂ ਨਗਰ ਕੌਂਸਲਾਂ ਨੇ ਸਫਾਈ ਦੇ ਖੇਤਰ ਵਿਚ ਕਈ ਰਾਸ਼ਟਰੀ ਪੱਧਰ ਦੇ ਪੁਰਸਕਾਰ ਜਿੱਤੇ। ਡਾ. ਅਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ (ਜ) ਉਨ੍ਹਾਂ ਨੇ ਜੀ-20 ਸੰਮੇਲਨ ਦੌਰਾਨ ਨੋਡਲ ਅਫਸਰ ਵਜੋਂ ਅਤੇ ਹੜ੍ਹ ਰਾਹਤ ਕਾਰਜਾਂ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਫਿਰੋਜ਼ਪੁਰ ਦੇ 250 ਸੈਨੀਟੇਸ਼ਨ ਵਰਕਰਾਂ ਲਈ ਵਿਸ਼ੇਸ਼ ਸਿਖਲਾਈ ਵਰਕਸ਼ਾਪਾਂ ਸ਼ੁਰੂ ਕੀਤੀਆਂ ਗਈਆਂ। ਲਿੰਧਿਆ ਐੱਲਐੱਨ 2024 ਬੈਚ ਦੀ ਇਸ ਨੌਜਵਾਨ ਅਧਿਕਾਰੀ ਨੇ ਨਗਰ ਕੀਰਤਨ ਦੇ ਰੂਟਾਂ ਨੂੰ ਸਾਫ਼-ਸੁਥਰਾ ਰੱਖਣ ਅਤੇ ਪ੍ਰਸ਼ਾਸਨਿਕ ਕੰਮਾਂ ਵਿਚ ਆਪਣੀ ਦੂਰਦਰਸ਼ੀ ਸੋਚ ਦਾ ਸਬੂਤ ਦਿੱਤਾ ਹੈ। ਡਾ. ਅਮਨਦੀਪ ਕੌਰ ਗੋਸਲ ਉਨ੍ਹਾਂ ਨੇ ਸਿਹਤ ਜਾਗਰੂਕਤਾ, ਨਸ਼ਾ ਵਿਰੋਧੀ ਮੁਹਿੰਮਾਂ ਅਤੇ ਹੜ੍ਹ ਪੀੜਤਾਂ ਦੀ ਨਿਸ਼ਕਾਮ ਸੇਵਾ ਰਾਹੀਂ ਸਮਾਜ ਵਿਚ ਵੱਡਾ ਬਦਲਾਅ ਲਿਆਂਦਾ। ਸਿੱਖਿਆ ਜਗਤ ਤੋਂ ਡਾ. ਸੰਗੀਤਾ ਪ੍ਰਿੰਸੀਪਲ ਦੇਵ ਸਮਾਜ ਕਾਲਜ ਅਤੇ ਡਾ. ਮੋਕਸ਼ੀ ਪ੍ਰੋਫੈਸਰ ਨੂੰ ਉਨ੍ਹਾਂ ਦੇ ਕੈਂਪਸ ਵਿਚ ਸੋਲਿਡ ਵੇਸਟ ਮੈਨੇਜਮੈਂਟ ਲਾਗੂ ਕਰਨ ਅਤੇ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਸਨਮਾਨਿਤ ਕੀਤਾ ਗਿਆ। ਇਹ ਸੰਸਥਾ ਆਪਣੇ ਪੱਧਰ ’ਤੇ ਕੂੜੇ ਦਾ ਨਿਪਟਾਰਾ ਕਰਕੇ ਇਕ ਮਿਸਾਲ ਪੇਸ਼ ਕਰ ਰਹੀ ਹੈ। ਇਸੇ ਤਰ੍ਹਾਂ ਹਰਜੀਤ ਕੌਰ ਢਿੱਲੋਂ ਨੂੰ ਉਨ੍ਹਾਂ ਦੇ ਘਰੇਲੂ ‘ਕਿਚਨ ਗਾਰਡਨ’ ਅਤੇ ਵੇਸਟ ਤੋਂ ਬੈਸਟ ਮਾਡਲ ਲਈ ਚੁਣਿਆ ਗਿਆ। ਉਹ ਘਰ ਦੇ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਕੇ ਅਤੇ ਪਲਾਸਟਿਕ ਦੇ ਕੂੜੇ ਨੂੰ ਗਮਲਿਆਂ ਵਜੋਂ ਵਰਤ ਕੇ ਵਾਤਾਵਰਣ ਦੀ ਸੇਵਾ ਕਰ ਰਹੇ ਹਨ। ਸਰਕਾਰੀ ਸੇਵਾਵਾਂ ਵਿਚ ਨਿਪੁੰਨਤਾ ਦਿਖਾਉਣ ਵਾਲੀ ਸੁਪਰਡੈਂਟ ਰਿੰਕੀ ਰਾਣੀ ਅਤੇ ਬਲਵਿੰਦਰ ਕੌਰ ਐੱਮਆਈਐੱਸ ਐਕਸਪਰਟ ਨੂੰ ਵੀ ਸਨਮਾਨਿਤ ਕੀਤਾ ਗਿਆ। ਬਲਵਿੰਦਰ ਕੌਰ ਦੀਆਂ ਕੋਸ਼ਿਸ਼ਾਂ ਸਦਕਾ ਫਿਰੋਜ਼ਪੁਰ ਨੇ ਸਵੱਛਤਾ ਸਰਵੇਖਣ ਵਿੱਚ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਵਿਸ਼ੇਸ਼ ਤੌਰ ’ਤੇ ਗੁੰਜਾ ਦੇਵੀ ਨਾਮੀ ਗਾਰਬੇਜ ਕਲੈਕਟਰ ਦਾ ਸਨਮਾਨ ਕੀਤਾ ਗਿਆ, ਜੋ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਣ ਦੇ ਨਾਲ-ਨਾਲ ਗੋਲਬਾਗ ਪੁਆਇੰਟ ’ਤੇ ਪੂਰੀ ਇਮਾਨਦਾਰੀ ਨਾਲ ਕੂੜੇ ਨੂੰ ਅਲੱਗ-ਅਲੱਗ ਕਰਨ ਦਾ ਕੰਮ ਕਰਦੀ ਹੈ। ਖੁਦ ਕਾਰਜ ਸਾਧਕ ਅਫਸਰ ਪੂਨਮ ਭਟਨਾਗਰ ਨੂੰ ਵੀ ਉਨ੍ਹਾਂ ਦੀ 39 ਸਾਲਾਂ ਦੀ ਬੇਦਾਗ ਸੇਵਾ ਅਤੇ ਚੁਣੌਤੀਆਂ ਭਰੇ ਹਾਲਾਤਾਂ ਵਿਚ ਕੰਮ ਕਰਨ ਲਈ ਸ਼ਲਾਘਾ ਮਿਲੀ। ਸੁਪਰਡੈਂਟ ਸੈਨੀਟੇਸ਼ਨ ਡਾ. ਸੁਖਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਚੈਂਪੀਅਨਾਂ ਨੂੰ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ‘ਫੁਲਕਾਰੀ’ ਭੇਟ ਕੀਤੀ ਗਈ। ਇਸ ਮੌਕੇ ਸਿਮਰਨਜੀਤ ਸਿੰਘ ਪ੍ਰੋਗਰਾਮ ਕੋਆਡੀਨੇਟਰ ਅਤੇ ਸਮੂਹ ਸਟਾਫ ਹਾਜ਼ਰ ਸੀ।