ਕੈਂਸਰ ਵਿਰੁੱਧ ਫਿਰੋਜ਼ਪੁਰ ਸਿਹਤ ਵਿਭਾਗ ਦਾ ਵੱਡਾ ਹੱਲਾ
ਕੈਂਸਰ ਵਿਰੁੱਧ ਫਿਰੋਜ਼ਪੁਰ ਸਿਹਤ ਵਿਭਾਗ ਦਾ ਵੱਡਾ ਹੱਲਾ
Publish Date: Fri, 13 Mar 2026 05:14 PM (IST)
Updated Date: Fri, 13 Mar 2026 05:18 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਦੀ ਅਗਵਾਈ ਹੇਠ ਸਿਹਤ ਵਿਭਾਗ ਨੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਕਮਰ ਕੱਸ ਲਈ ਹੈ। ਇਸੇ ਮੁਹਿੰਮ ਤਹਿਤ ਅੱਜ ਸਿਵਲ ਸਰਜਨ ਦਫ਼ਤਰ ਵਿਖੇ ਜ਼ਿਲ੍ਹੇ ਦੇ ਸਮੂਹ ਕਮਿਊਨਿਟੀ ਹੈਲਥ ਅਫ਼ਸਰਾਂ ਲਈ ਇਕ ਵਿਸ਼ੇਸ਼ ਟਰੇਨਿੰਗ ਵਰਕਸ਼ਾਪ ਲਗਾਈ ਗਈ, ਜਿਸ ਦਾ ਮੁੱਖ ਮਕਸਦ ਮੂੰਹ ਦੇ ਕੈਂਸਰ, ਛਾਤੀ ਦੇ ਕੈਂਸਰ ਅਤੇ ਸਰਵੀਕਲ ਕੈਂਸਰ (ਬੱਚੇਦਾਨੀ ਦੇ ਮੂੰਹ ਦਾ ਕੈਂਸਰ) ਦੀ ਸ਼ੁਰੂਆਤੀ ਸਟੇਜ ’ਤੇ ਪਛਾਣ ਕਰਕੇ ਕੀਮਤੀ ਜਾਨਾਂ ਬਚਾਉਣਾ ਹੈ। ਟਰੇਨਿੰਗ ਵਰਕਸ਼ਾਪ ਵਿਚ ਡਾ. ਪੰਕਜ ਗੁਪਤਾ ਡਿਪਟੀ ਡਾਇਰੈਕਟਰ ਡੈੰਟਲ ਹੈਲਥ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਮੂੰਹ ਦੇ ਛਾਲਿਆਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਦੰਦਾਂ ਦੇ ਡਾਕਟਰ ਕੋਲ ਜਾ ਕੇ ਸਮੇਂ ਸਿਰ ਜਾਂਚ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ। ਡਾ. ਪੰਕਜ ਗੁਪਤਾ ਨੇ ਕਮਿਊਨਿਟੀ ਹੈੱਲਥ ਅਫ਼ਸਰਾਂ ਨੂੰ ਮੂੰਹ ਦੇ ਕੈਂਸਰ ਦੇ ਲੱਛਣਾਂ, ਮੂੰਹ ਦੇ ਕੈਂਸਰ ਦੀ ਜਲਦੀ ਪਛਾਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ. ਹਰਲੀਨ ਕੌਰ ਨੇ ਛਾਤੀ ਦੇ ਕੈਂਸਰ ਅਤੇ ਸਰਵੀਕਲ ਕੈਂਸਰ (ਬੱਚੇਦਾਨੀ ਦੇ ਮੂੰਹ ਦੇ ਕੈਂਸਰ) ਦੇ ਲੱਛਣਾਂ ਅਤੇ ਮੈਡੀਕਲ ਚੈੱਕਅਪ ਦੌਰਾਨ ਕੈਂਸਰ ਦੀ ਅਗਾਉ ਪਛਾਣ ਬਾਰੇ ਅਹਿਮ ਨੁਕਤੇ ਸਾਂਝੇ ਕੀਤੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਔਰਤਾਂ ਵਿੱਚ ਇਹ ਤੇਜ਼ੀ ਨਾਲ ਵਧ ਰਿਹਾ ਹੈ, ਜਿਸ ਦੀ ਸਕ੍ਰੀਨਿੰਗ ਹੁਣ ਪਿੰਡ ਪੱਧਰ ’ਤੇ ਲਾਜ਼ਮੀ ਹੋਵੇਗੀ। ਉਨ੍ਹਾਂ ਕਿਹਾ ਕਿ ਕੈਂਸਰ ਦਾ ਡਰ ਉਦੋਂ ਹੀ ਖ਼ਤਮ ਹੁੰਦਾ ਹੈ ਜਦੋਂ ਉਸ ਦੀ ਪਛਾਣ ਜਲਦੀ ਹੋ ਜਾਵੇ। ਉਨ੍ਹਾਂ ਨੇ ਡਾਇਗਨੌਸਟਿਕ ਕਿੱਟਾਂ ਦੀ ਬਾਰੀਕੀ ਨਾਲ ਵਰਤੋਂ ਕਰਨ ਦੀ ਟਰੇਨਿੰਗ ਦਿੱਤੀ, ਤਾਂ ਜੋ ਫੀਲਡ ਵਿੱਚ ਜਾ ਕੇ ਮਰੀਜ਼ਾਂ ਦੀ ਤੁਰੰਤ ਸਕ੍ਰੀਨਿੰਗ ਕੀਤੀ ਜਾ ਸਕੇ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਨੇ ਦੱਸਿਆ ਕਿ ਇਸ ਟਰੇਨਿੰਗ ਦੀ ਖ਼ਾਸ ਗੱਲ ਇਹ ਰਹੀ ਕਿ ਕਮਿਊਨਿਟੀ ਹੈੱਲਥ ਅਫ਼ਸਰਾਂ ਨੂੰ ਪੋਰਟਲ ਐਂਟਰੀ ਬਾਰੇ ਵਿਸ਼ੇਸ਼ ਤੌਰ ’ਤੇ ਸਿਖਾਇਆ ਗਿਆ। ਹੁਣ ਹਰ ਸਕ੍ਰੀਨਿੰਗ ਰਿਪੋਰਟ ਤੁਰੰਤ ਆਨਲਾਈਨ ਦਰਜ ਕੀਤੀ ਜਾਵੇਗੀ, ਜਿਸ ਨਾਲ ਉੱਚ ਅਧਿਕਾਰੀ ਸਿੱਧੇ ਤੌਰ ’ਤੇ ਮਰੀਜ਼ ਦੇ ਇਲਾਜ ਦੀ ਪ੍ਰਗਤੀ ਨੂੰ ਟਰੈਕ ਕਰ ਸਕਣਗੇ। ਕੋਈ ਵੀ ਮਰੀਜ਼ ਹੁਣ ਨਜ਼ਰ ਤੋਂ ਓਹਲੇ ਨਹੀਂ ਰਹੇਗਾ।