ਬਿਹਤਰੀਨ ਸੇਵਾਵਾਂ ਲਈ 63 ਰੇਲ ਕਰਮਚਾਰੀਆਂ ਦਾ ਸਨਮਾਨ
ਫਿਰੋਜ਼ਪੁਰ ਮੰਡਲ ਵੱਲੋਂ 69ਵਾਂ ਰੇਲ ਹਫ਼ਤਾ ਇਨਾਮ ਵੰਡ ਸਮਾਰੋਹ ਆਯੋਜਿਤ
Publish Date: Fri, 10 Apr 2026 06:02 PM (IST)
Updated Date: Fri, 10 Apr 2026 06:05 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਅੱਜ ਰੇਲਵੇ ਅਫਸਰ ਕਲੱਬ ਵਿਖੇ 69ਵਾਂ ਰੇਲ ਹਫ਼ਤਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਰਵਾਇਤੀ ਤਰੀਕੇ ਨਾਲ ਸ਼ਮ੍ਹਾਂ ਰੌਸ਼ਨ ਕਰਕੇ ਅਤੇ ਸਕੂਲੀ ਵਿਦਿਆਰਥਣਾਂ ਵੱਲੋਂ ਪੇਸ਼ ਕੀਤੀ ਗਈ ‘ਸਰਸਵਤੀ ਵੰਦਨਾ’ ਨਾਲ ਹੋਈ। ਸਮਾਰੋਹ ਦੀ ਪ੍ਰਧਾਨਗੀ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਮੰਡਲ ਰੇਲ ਪ੍ਰਬੰਧਕ ਨਿਤਿਨ ਗਰਗ, ਸੀਨੀਅਰ ਮੰਡਲ ਕਰਮਚਾਰੀ ਅਧਿਕਾਰੀ ਸਾਕਸ਼ੀ ਸਿੰਘ ਸਮੇਤ ਮੰਡਲ ਦੇ ਹੋਰ ਉੱਚ ਅਧਿਕਾਰੀ, ਕਰਮਚਾਰੀ, ਯੂਨੀਅਨਾਂ, ਐਸੋਸੀਏਸ਼ਨਾਂ ਅਤੇ ਫੈਡਰੇਸ਼ਨਾਂ ਦੇ ਨੁਮਾਇੰਦੇ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਉੱਤਰ ਰੇਲਵੇ ਮਹਿਲਾ ਭਲਾਈ ਸੰਗਠਨ ਦੀਆਂ ਮੈਂਬਰਾਂ ਨੇ ਵੀ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਸਮਾਰੋਹ ਦੌਰਾਨ ਸਾਲ 2024-25 ਵਿਚ ਰੇਲਵੇ ਦੀ ਬਿਹਤਰੀ ਲਈ ਸ਼ਾਨਦਾਰ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਵਿਭਾਗਾਂ ਅਤੇ ਕਾਰਜ ਖੇਤਰਾਂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਨ ਵਾਲੇ ਕੁੱਲ 63 ਕਰਮਚਾਰੀਆਂ ਨੂੰ ਇਨਾਮ ਅਤੇ ਪ੍ਰਸੰਸਾ ਪੱਤਰ ਦਿੱਤੇ ਗਏ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਆਪਣੇ ਸੰਬੋਧਨ ਵਿਚ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੰਡਲ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਇਹ ਪੁਰਸਕਾਰ ਤੁਹਾਡੀ ਸਖ਼ਤ ਮਿਹਨਤ ਅਤੇ ਇਮਾਨਦਾਰੀ ਦਾ ਨਤੀਜਾ ਹਨ। ਉਸ ਨੂੰ ਉਮੀਦ ਹੈ ਕਿ ਸਨਮਾਨਿਤ ਕਰਮਚਾਰੀ ਭਵਿੱਖ ਵਿਚ ਵੀ ਇਸੇ ਤਰ੍ਹਾਂ ਦਾ ਵਧੀਆ ਕੰਮ ਕਰਦੇ ਰਹਿਣਗੇ ਅਤੇ ਦੂਜੇ ਕਰਮਚਾਰੀ ਵੀ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਆਉਣ ਵਾਲੇ ਸਮੇਂ ਵਿਚ ਸਨਮਾਨ ਪ੍ਰਾਪਤ ਕਰਨ ਲਈ ਯਤਨਸ਼ੀਲ ਹੋਣਗੇ। ਡੀਆਰਐੱਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਰੋਜ਼ਪੁਰ ਮੰਡਲ ਨੇ ਰਾਸ਼ਟਰੀ ਪੱਧਰ ’ਤੇ ਵੀ ਆਪਣੀ ਪਛਾਣ ਬਣਾਈ ਹੈ। ਨਵੀਂ ਦਿੱਲੀ ਵਿਖੇ ਹੋਏ 69ਵੇਂ ਵਿਸ਼ੇਸ਼ ਰੇਲ ਸੇਵਾ ਪੁਰਸਕਾਰ ਸਮਾਰੋਹ ਦੌਰਾਨ ਉਤਰ ਰੇਲਵੇ ਵੱਲੋਂ ਫਿਰੋਜ਼ਪੁਰ ਮੰਡਲ ਨੂੰ ਕਈ ਅਹਿਮ ਸ਼ੀਲਡਾਂ ਨਾਲ ਨਿਵਾਜਿਆ ਗਿਆ ਹੈ, ਜਿਨ੍ਹਾਂ ਯਾਤਰੀਆਂ ਦੀਆਂ ਸ਼ਿਕਾਇਤਾਂ ਅਤੇ ਸਹਾਇਤਾ ਲਈ ਤੱਤਪਰ ਰਹਿਣ ਲਈ, ਸਟੇਸ਼ਨਾਂ ਅਤੇ ਰੇਲ ਗੱਡੀਆਂ ਵਿਚ ਸਾਫ਼-ਸਫ਼ਾਈ ਦੇ ਉੱਚੇ ਮਿਆਰ ਕਾਇਮ ਰੱਖਣ ਲਈ, ਬਿਹਤਰੀਨ ਵਿਕਰੀ ਅਤੇ ਮਾਲੀਆ ਪ੍ਰਬੰਧਨ ਲਈ ਸ਼ਾਮਲ ਸਨ। ਅੰਤ ਵਿਚ ਉਨ੍ਹਾਂ ਆਸ ਪ੍ਰਗਟਾਈ ਕਿ ਸਾਰਿਆਂ ਦੇ ਸਾਂਝੇ ਯਤਨਾਂ ਸਦਕਾ ਫਿਰੋਜ਼ਪੁਰ ਮੰਡਲ ਭਵਿੱਖ ਵਿਚ ਵੀ ਆਪਣੇ ਮਿੱਥੇ ਹੋਏ ਟੀਚਿਆਂ ਨੂੰ ਸਫ਼ਲਤਾਪੂਰਵਕ ਪ੍ਰਾਪਤ ਕਰਦਾ ਰਹੇਗਾ ਅਤੇ ਭਾਰਤੀ ਰੇਲਵੇ ਦੇ ਵਿਕਾਸ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਵੇਗਾ।