ਮੋਬਾਈਲ ਐਪ ਰਾਹੀਂ ਰੇਲ ਟਿਕਟ ਬੁੱਕ ਕਰਨ ’ਤੇ ਮਿਲੇਗਾ 3% ਬੋਨਸ
ਫਿਰੋਜ਼ਪੁਰ ਮੰਡਲ ਵੱਲੋਂ ਰੇਲ ਯਾਤਰੀਆਂ ਨੂੰ ਡਿਜੀਟਲ ਸੇਵਾਵਾਂ ਪ੍ਰਤੀ ਕੀਤਾ ਜਾ ਰਿਹਾ ਜਾਗਰੂਕ
Publish Date: Fri, 13 Mar 2026 04:49 PM (IST)
Updated Date: Fri, 13 Mar 2026 04:51 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ ‘ਡਿਜੀਟਲ ਇੰਡੀਆ’ ਮੁਹਿੰਮ ਤਹਿਤ ਮੁੱਖ ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਨੂੰ ਆਧੁਨਿਕ ਡਿਜੀਟਲ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਰੇਲ ਯਾਤਰੀਆਂ ਨੂੰ ਸਵੈ-ਨਿਰਭਰ ਬਣਾਉਣਾ ਅਤੇ ਉਨ੍ਹਾਂ ਦੇ ਸਫਰ ਨੂੰ ਹੋਰ ਵੀ ਸੁਖਾਲਾ ਬਣਾਉਣਾ ਹੈ। ਯਾਤਰੀਆਂ ਨੂੰ ਯੂ.ਟੀ.ਐੱਸ ਔਨ ਮੋਬਾਇਲ ਅਤੇ ਰੇਲ ਵੰਨ ਐਪ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਘਰ ਬੈਠੇ ਜਾਂ ਸਟੇਸ਼ਨ ’ਤੇ ਬਿਨਾਂ ਲਾਈਨ ਵਿੱਚ ਲੱਗੇ ਅਨਾਰਕਸ਼ਿਤ ਟਿਕਟਾਂ ਬੁੱਕ ਕਰ ਸਕਣ। ਇਨ੍ਹਾਂ ਐਪਸ ਰਾਹੀਂ ਟਿਕਟ ਬੁੱਕ ਕਰਨ ’ਤੇ ਯਾਤਰੀਆਂ ਨੂੰ 3 ਪ੍ਰਤੀਸ਼ਤ ਬੋਨਸ ਵੀ ਦਿੱਤਾ ਜਾ ਰਿਹਾ ਹੈ। ਯਾਤਰੀਆਂ ਨੂੰ ਆਨਲਾਈਨ ਭੁਗਤਾਨ ਪ੍ਰਣਾਲੀ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜੋ ਕਿ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪਾਰਦਰਸ਼ੀ ਹੈ। ਸੀਨੀਅਰ ਮੰਡਲ ਵਪਾਰਕ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਮੰਡਲ ਦੇ ਪ੍ਰਮੁੱਖ ਸਟੇਸ਼ਨਾਂ ’ਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਆਨਲਾਈਨ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।