ਫਿਰੋਜ਼ਪੁਰ ਮੰਡਲ ਨੇ ਰਾਤ ਸਮੇਂ ਚਲਾਈ ਵਿਸ਼ੇਸ਼ ਚੈਕਿੰਗ ਮੁਹਿੰਮ
ਫਿਰੋਜ਼ਪੁਰ ਮੰਡਲ ਵੱਲੋਂ ਧੁੰਦ ਦੇ ਮੌਸਮ ਵਿਚ ਸੁਰੱਖਿਅਤ ਰੇਲ ਸੰਚਾਲਨ ਲਈ ਰਾਤ ਸਮੇਂ ਵਿਸ਼ੇਸ਼ ਚੈਕਿੰਗ ਮੁਹਿੰਮ
Publish Date: Wed, 14 Jan 2026 03:54 PM (IST)
Updated Date: Wed, 14 Jan 2026 03:57 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਧੁੰਦ ਦੇ ਮੌਸਮ ਦੌਰਾਨ ਰੇਲਗੱਡੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਫਿਰੋਜ਼ਪੁਰ ਮੰਡਲ ਵੱਲੋਂ ਵਿਸ਼ੇਸ਼ ਸਾਵਧਾਨੀ ਵਰਤੀ ਜਾ ਰਹੀ ਹੈ। ਰੇਲ ਸੰਚਾਲਨ ਅਤੇ ਸੁਰੱਖਿਆ ਨਾਲ ਜੁੜੇ ਕਰਮਚਾਰੀਆਂ ਜਿਵੇਂ ਕਿ ਸਟੇਸ਼ਨ ਮਾਸਟਰ, ਲੋਕੋ ਪਾਇਲਟ, ਟਰੇਨ ਮੈਨੇਜਰ, ਕਾਂਟੇਵਾਲਾ, ਗੇਟਮੈਨ, ਟਰੈਕਮੈਨ, ਰੱਖ-ਰਖਾਅ ਸਟਾਫ ਅਤੇ ਸਿਗਨਲ ਤੇ ਟੈਲੀਕਾਮ ਸਟਾਫ ਵਿਚ ਚੌਕਸੀ ਬਣਾਈ ਰੱਖਣ ਲਈ ਅਧਿਕਾਰੀ ਪੱਧਰ ’ਤੇ ਰੋਜ਼ਾਨਾ ਰਾਤ ਸਮੇਂ ਨਿਰੀਖਣ (ਚੈਕਿੰਗ) ਕੀਤਾ ਜਾ ਰਿਹਾ ਹੈ। ਇਨ੍ਹਾਂ ਨਿਰੀਖਣਾਂ ਰਾਹੀਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਟਰੇਨਾਂ ਦਾ ਸੰਚਾਲਨ ਬਿਨਾਂ ਕਿਸੇ ਰੁਕਾਵਟ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਤਰੀਕੇ ਨਾਲ ਕੀਤਾ ਜਾ ਸਕੇ। ਫਿਰੋਜ਼ਪੁਰ ਮੰਡਲ ਵਿਚ ਸੁਰੱਖਿਆ ਕਰਮਚਾਰੀਆਂ ਦੀ ਚੌਕਸੀ ਪਰਖਣ ਲਈ ਧੁੰਦ ਦੇ ਇਸ ਸੀਜ਼ਨ ਦੌਰਾਨ ਰਾਤ ਸਮੇਂ ਦੀ ਚੈਕਿੰਗ ਮੁਹਿੰਮ ਤੇਜ਼ੀ ਨਾਲ ਚਲਾਈ ਜਾ ਰਹੀ ਹੈ। ਦਸੰਬਰ 2025 ਤੋਂ ਜਨਵਰੀ 2026 ਤਕ ਚੱਲੀ ਇਸ ਵਿਆਪਕ ਮੁਹਿੰਮ ਤਹਿਤ ਮੰਡਲ ਦੇ ਵੱਖ-ਵੱਖ ਵਿਭਾਗਾਂ ਦੇ ਕੁੱਲ 61 ਅਧਿਕਾਰੀਆਂ ਵੱਲੋਂ ਰਾਤ 12 ਵਜੇ ਤੋਂ ਸਵੇਰੇ 4 ਵਜੇ ਦੇ ਦਰਮਿਆਨ ਲਗਭਗ 190 ਨਿਰੀਖਣ ਕੀਤੇ ਗਏ। ਇਸ ਚੈਕਿੰਗ ਦੌਰਾਨ ਕਰਮਚਾਰੀਆਂ ਨੂੰ ਆਪਣੀ ਡਿਊਟੀ ਪ੍ਰਤੀ ਸੁਚੇਤ ਰਹਿਣ, ਸਮੇਂ ਦੀ ਪਾਬੰਦੀ ਅਤੇ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ। ਫਿਰੋਜ਼ਪੁਰ ਮੰਡਲ ਧੁੰਦ ਦੇ ਦਿਨਾਂ ਵਿਚ ਰੇਲ ਗੱਡੀਆਂ ਦੇ ਸੁਰੱਖਿਅਤ ਅਤੇ ਸੁਚਾਰੂ ਸੰਚਾਲਨ ਲਈ ਪੂਰੀ ਨਾਲ ਕੰਮ ਕਰ ਰਿਹਾ ਹੈ।