‘ਵਿਸ਼ਵ ਵਿਰਾਸਤ ਦਿਵਸ’ ਮੌਕੇ ਹਫ਼ਤਾ ਭਰ ਚੱਲਣ ਵਾਲੇ ਸਮਾਗਮਾਂ ਦਾ ਆਗਾਜ਼
ਫਿਰੋਜ਼ਪੁਰ ਮੰਡਲ ਵੱਲੋਂ ‘ਵਿਸ਼ਵ ਵਿਰਾਸਤ ਦਿਵਸ’ ਮੌਕੇ ਹਫ਼ਤਾ ਭਰ ਚੱਲਣ ਵਾਲੇ ਸਮਾਗਮਾਂ ਦਾ ਆਗਾਜ਼
Publish Date: Fri, 17 Apr 2026 05:28 PM (IST)
Updated Date: Fri, 17 Apr 2026 05:30 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਰੇਲਵੇ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 18 ਅਪ੍ਰੈਲ 2026 ਨੂੰ ਮਨਾਏ ਜਾਣ ਵਾਲੇ ‘ਵਿਸ਼ਵ ਵਿਰਾਸਤ ਦਿਵਸ’ ਦੇ ਮੌਕੇ ’ਤੇ ਫਿਰੋਜ਼ਪੁਰ ਮੰਡਲ ਵੱਲੋਂ ਰੇਲਵੇ ਦੀ ਸ਼ਾਨਦਾਰ ਵਿਰਾਸਤ ਦੇ ਸਨਮਾਨ ਵਿਚ ਵਿਸ਼ੇਸ਼ ਹਫ਼ਤੇ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਸਮਾਗਮ 17 ਅਪ੍ਰੈਲ ਤੋਂ 23 ਅਪ੍ਰੈਲ 2026 ਤੱਕ ਚੱਲਣਗੇ। ਇਸ ਸਾਲ ਦਾ ਵਿਸ਼ਾ ‘‘ਸੰਘਰਸ਼ਾਂ ਅਤੇ ਆਫ਼ਤਾਂ ਦੇ ਸੰਦਰਭ ਵਿਚ ਜੀਵਿਤ ਵਿਰਾਸਤ ਲਈ ਐਮਰਜੈਂਸੀ ਪ੍ਰਤੀਕਿਰਿਆ’’ ਰੱਖਿਆ ਗਿਆ ਹੈ, ਜਿਸ ਦਾ ਉਦੇਸ਼ ਮੁਸ਼ਕਲ ਹਾਲਾਤਾਂ ਵਿਚ ਵੀ ਆਪਣੀਆਂ ਇਤਿਹਾਸਕ ਨਿਸ਼ਾਨੀਆਂ ਨੂੰ ਸੁਰੱਖਿਅਤ ਰੱਖਣਾ ਹੈ। ਇਸ ਹਫ਼ਤੇ ਦੌਰਾਨ ਮੰਡਲ ਦੇ ਵੱਖ-ਵੱਖ ਇਤਿਹਾਸਕ ਸਥਾਨਾਂ ’ਤੇ ਕਈ ਜਾਗਰੂਕਤਾ ਪ੍ਰੋਗਰਾਮ ਉਲੀਕੇ ਗਏ ਹਨ। ਰੇਲਵੇ ਦੇ ਸ਼ਾਨਦਾਰ ਇਤਿਹਾਸ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣ ਲਈ ਅੰਮ੍ਰਿਤਸਰ ਸਟੇਸ਼ਨ ਦੀ ਹੈਰੀਟੇਜ ਗੈਲਰੀ ਖਾਸ ਤੌਰ ’ਤੇ ਜਨਤਾ ਲਈ ਖੋਲ੍ਹੀ ਜਾਵੇਗੀ। ਇੱਥੇ ਲੋਕ ਰੇਲਵੇ ਦੇ ਪੁਰਾਣੇ ਇੰਜਣਾਂ, ਉਪਕਰਨਾਂ ਅਤੇ ਇਤਿਹਾਸਕ ਦਸਤਾਵੇਜ਼ਾਂ ਦੀ ਝਲਕ ਦੇਖ ਸਕਣਗੇ। ਇਸ ਤੋਂ ਇਲਾਵਾ ਲੁਧਿਆਣਾ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਕੈਂਟ ਸਟੇਸ਼ਨਾਂ ’ਤੇ ਵਿਰਾਸਤ ’ਤੇ ਅਧਾਰਤ ਸੈਮੀਨਾਰ ਵੀ ਕਰਵਾਏ ਜਾਣਗੇ। ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਮੰਡਲ ਰੇਲ ਪ੍ਰਬੰਧਕ ਦਫ਼ਤਰ, ਫਿਰੋਜ਼ਪੁਰ ਵਿਖੇ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿਚ ਪ੍ਰਤੀਯੋਗੀ ਵਿਰਾਸਤ ਦੀ ਸੰਭਾਲ ਅਤੇ ਇਸ ਦੇ ਮਹੱਤਵ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ। ਸ਼ਾਮ ਦੇ ਸਮੇਂ ਫਿਰੋਜ਼ਪੁਰ, ਲੁਧਿਆਣਾ ਅਤੇ ਅੰਮ੍ਰਿਤਸਰ ਸਟੇਸ਼ਨਾਂ ’ਤੇ ਸਥਿਤ ਵਿਰਾਸਤੀ ਸਥਾਨਾਂ ਨੂੰ ਵਿਸ਼ੇਸ਼ ਰੋਸ਼ਨੀ ਨਾਲ ਸਜਾਇਆ ਜਾਵੇਗਾ, ਤਾਂ ਜੋ ਇਨ੍ਹਾਂ ਦੀ ਇਤਿਹਾਸਕ ਸੁੰਦਰਤਾ ਨੂੰ ਉਭਾਰਿਆ ਜਾ ਸਕੇ। ਸਮਾਗਮ ਦੇ ਪਹਿਲੇ ਦਿਨ ਫਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ ਸਥਿਤ ‘ਹੈਰੀਟੇਜ ਲੋਕੋ’ (ਪੁਰਾਣਾ ਇੰਜਣ), ਡੀਆਰਐੱਮ ਦਫ਼ਤਰ ਵਿਖੇ ਖੜ੍ਹੇ ‘ਹੈਰੀਟੇਜ ਕੋਚ’ ਅਤੇ ‘ਹੈਰੀਟੇਜ ਰੋਲਰ’ ਦੀ ਮੁਰੰਮਤ ਅਤੇ ਸੁੰਦਰੀਕਰਨ ਦਾ ਕੰਮ ਕੀਤਾ ਗਿਆ। ਇਸੇ ਤਰ੍ਹਾਂ ਲੁਧਿਆਣਾ ਸਟੇਸ਼ਨ ’ਤੇ ਸਥਿਤ ਵਿਰਾਸਤੀ ਰੋਲਰ ਦੀ ਵੀ ਸਫ਼ਾਈ ਅਤੇ ਰੰਗ-ਰੋਗਨ ਕੀਤਾ ਗਿਆ। ਫਿਰੋਜ਼ਪੁਰ ਮੰਡਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਕੋਸ਼ਿਸ਼ਾਂ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਰੇਲਵੇ ਦੀ ਇਹ ਅਨਮੋਲ ਵਿਰਾਸਤ ਸੁਰੱਖਿਅਤ ਰਹੇ ਅਤੇ ਆਉਣ ਵਾਲੀਆਂ ਨਸਲਾਂ ਇਸ ਇਤਿਹਾਸਕ ਵਿਕਾਸ ਨੂੰ ਨੇੜਿਓਂ ਦੇਖ ਅਤੇ ਸਮਝ ਸਕਣ। ਰੇਲਵੇ ਵਿਭਾਗ ਨੇ ਆਮ ਜਨਤਾ ਨੂੰ ਵੀ ਇਨ੍ਹਾਂ ਸਮਾਗਮਾਂ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ।