ਉੱਤਰ ਰੇਲਵੇ ਦਾ ਪਹਿਲਾ ਮੰਡਲ ਬਣਿਆ ਫਿਰੋਜ਼ਪੁਰ
ਉੱਤਰ ਰੇਲਵੇ ਦਾ ਪਹਿਲਾ ਮੰਡਲ ਬਣਿਆ ਫਿਰੋਜ਼ਪੁਰ
Publish Date: Thu, 26 Mar 2026 05:08 PM (IST)
Updated Date: Fri, 27 Mar 2026 04:05 AM (IST)

ਸਾਰੀਆਂ ਟੀਟੀਈ ਲਾਬੀਆਂ ਵਿਚ 100 ਪ੍ਰਤੀਸ਼ਤ ਬਾਇਓਮੈਟ੍ਰਿਕ ਪ੍ਰਣਾਲੀ ਲਾਗੂ ਫਿਰੋਜ਼ਪੁਰ ਮੰਡਲ ਦੇ 8 ਰੇਲਵੇ ਸਟੇਸ਼ਨਾਂ ’ਤੇ ਹੁਣ ਡਿਜ਼ੀਟਲ ਤਰੀਕੇ ਨਾਲ ਲੱਗੇਗੀ ਟੀਟੀਈ ਦੀ ਹਾਜ਼ਰੀ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਰੇਲਵੇ ਪ੍ਰਸ਼ਾਸਨ ਵਿਚ ਪਾਰਦਰਸ਼ਤਾ ਅਤੇ ਆਧੁਨਿਕੀਕਰਨ ਨੂੰ ਉਤਸ਼ਾਹਿਤ ਕਰਦੇ ਹੋਏ ਫਿਰੋਜ਼ਪੁਰ ਮੰਡਲ ਨੇ ਇਕ ਅਹਿਮ ਉਪਲਬੱਧੀ ਹਾਸਲ ਕੀਤੀ ਹੈ। ਫਿਰੋਜ਼ਪੁਰ ਮੰਡਲ ਉਤਰ ਰੇਲਵੇ ਦਾ ਅਜਿਹਾ ਪਹਿਲਾ ਮੰਡਲ ਬਣ ਗਿਆ ਹੈ ਜਿਸ ਨੇ ਆਪਣੀਆਂ ਸਾਰੀਆਂ 8 ਟੀਟੀਈ ਲਾਬੀਆਂ ਵਿਚ 100 ਫੀਸਦੀ ਬਾਇਓਮੈਟ੍ਰਿਕ ਸਾਈਨ-ਆਨ ਅਤੇ ਸਾਈਨ-ਆਫ ਪ੍ਰਣਾਲੀ ਨੂੰ ਲਾਗੂ ਕਰ ਦਿੱਤਾ ਹੈ। ਇਸ ਨਵੀਂ ਵਿਵਸਥਾ ਤਹਿਤ ਮੰਡਲ ਦੇ ਅਧੀਨ ਆਉਂਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਦੀਆਂ ਲਾਬੀਆਂ ਨੂੰ ਡਿਜ਼ੀਟਲ ਹਾਜ਼ਰੀ ਨਾਲ ਜੋੜਿਆ ਗਿਆ ਹੈ। ਇਨ੍ਹਾਂ ਵਿਚ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਸਿਟੀ ਅਤੇ ਜਲੰਧਰ ਕੈਂਟ, ਹੁਸ਼ਿਆਰਪੁਰ, ਮੋਗਾ, ਫਿਰੋਜ਼ਪੁਰ ਕੈਂਟ, ਫਾਜ਼ਿਲਕਾ ਸ਼ਾਮਲ ਹਨ। ਇਸ ਆਧੁਨਿਕ ਪ੍ਰਣਾਲੀ ਦੇ ਲਾਗੂ ਹੋਣ ਨਾਲ ਕਰਮਚਾਰੀਆਂ ਦੀ ਹਾਜ਼ਰੀ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਪਾਰਦਰਸ਼ੀ, ਸੁਰੱਖਿਅਤ ਅਤੇ ਸਹੀ ਤਰੀਕੇ ਨਾਲ ਦਰਜ ਕੀਤੀ ਜਾ ਰਹੀ ਹੈ। ਪਹਿਲਾਂ ਹਾਜ਼ਰੀ ਲਗਾਉਣ ਦੀਆਂ ਰਵਾਇਤੀ ਵਿਧੀਆਂ ਵਿਚ ਕਈ ਵਾਰ ਸ਼ੁੱਧਤਾ ਦੀ ਕਮੀ ਰਹਿ ਜਾਂਦੀ ਸੀ, ਪਰ ਹੁਣ ਡਿਜ਼ੀਟਲ ਸਾਈਨ-ਆਨ/ਸਾਈਨ-ਆਫ ਰਾਹੀਂ ਟੀਟੀਈ ਸਟਾਫ ਦੀ ਡਿਊਟੀ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਲ ਹੋ ਗਈ ਹੈ। ਇਸ ਨਾਲ ਨਾ ਸਿਰਫ ਕੰਮ ਦੀ ਨਿਗਰਾਨੀ ਸੌਖੀ ਹੋਈ ਹੈ, ਸਗੋਂ ਰੇਲਵੇ ਦੀ ਕਾਰਜਕੁਸ਼ਲਤਾ ਵਿਚ ਵੀ ਵੱਡਾ ਸੁਧਾਰ ਦੇਖਣ ਨੂੰ ਮਿਲਿਆ ਹੈ। ਸੀਨੀਅਰ ਮੰਡਲ ਵਪਾਰਕ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਹਿਲਕਦਮੀ ਭਾਰਤ ਸਰਕਾਰ ਦੇ ‘ਡਿਜੀਟਲ ਇੰਡੀਆ’ ਮਿਸ਼ਨ ਦੇ ਤਹਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਰੇਲਵੇ ਕਰਮਚਾਰੀਆਂ ਦੇ ਕੰਮਕਾਜ ਦੇ ਪ੍ਰਬੰਧਨ ਵਿਚ ਸੁਧਾਰ ਹੋਵੇਗਾ, ਉੱਥੇ ਹੀ ਯਾਤਰੀਆਂ ਨੂੰ ਵੀ ਬਿਹਤਰ ਅਤੇ ਸਮਾਂਬੱਧ ਸੇਵਾਵਾਂ ਪ੍ਰਦਾਨ ਕਰਨ ਵਿਚ ਮੱਦਦ ਮਿਲੇਗੀ। ਇਸ ਕਦਮ ਨਾਲ ਫਿਰੋਜ਼ਪੁਰ ਮੰਡਲ ਨੇ ਤਕਨਾਲੋਜੀ ਦੇ ਖੇਤਰ ਵਿਚ ਉੱਤਰ ਰੇਲਵੇ ਦੇ ਹੋਰਨਾਂ ਮੰਡਲਾਂ ਲਈ ਇਕ ਮਿਸਾਲ ਕਾਇਮ ਕੀਤੀ ਹੈ।