23 ਮਾਰਚ ਦੇ ਸ਼ਹੀਦ ਰਾਜਗੁਰੂ, ਸੁਖਦੇਵ ਤੇ ਭਗਤ ਸਿੰਘ ਨੂੰ ਭੇਟ ਕੀਤੀ ਸ਼ਰਧਾਂਜਲੀ
ਕਿਸਾਨਾਂ ਮਜ਼ਦੂਰਾਂ ਅਤੇ ਨੌਜਵਾਨਾਂ ਨੇ ਫਿਰੋਜ਼ਪੁਰ ਵਿਚ 23 ਮਾਰਚ ਦੇ ਸ਼ਹੀਦ ਰਾਜਗੁਰੂ ਸੁਖਦੇਵ ਅਤੇ ਭਗਤ ਸਿੰਘ ਨੂੰ ਭੇਂਟ ਕੀਤੀ ਸ਼ਰਧਾਂਜਲੀ
Publish Date: Mon, 23 Mar 2026 05:29 PM (IST)
Updated Date: Mon, 23 Mar 2026 05:31 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ 23 ਮਾਰਚ ਨੂੰ ਸਾਮਰਾਜਵਾਦ ਵਿਰੋਧੀ, ਜੰਗ ਵਿਰੋਧੀ ਦਿਵਸ ਦੇ ਤੌਰ ’ਤੇ ਮਨਾਉਣ ਦੇ ਸੱਦੇ ਅਨੁਸਾਰ ਅੱਜ ਫਿਰੋਜ਼ਪੁਰ ਵਿਚ ਕਿਸਾਨਾਂ ਮਜਦੂਰਾਂ ਅਤੇ ਨੌਜਵਾਨਾਂ ਵੱਲੋਂ 23 ਮਾਰਚ ਦੇ ਮਹਾਨ ਸ਼ਹੀਦ ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਰੈਲੀ ਕੀਤੀ ਗਈ। ਜਿਸ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਬੀਕੇਯੂ ਡਾਕੌਦਾ (ਬੁਰਜਗਿੱਲ), ਕਿਸਾਨ ਸੰਘਰਸ਼ ਕਮੇਟੀ ਪੰਜਾਬ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ, ਕਿਸਾਨ ਸਟੂਡੈਂਟ ਯੂਨੀਅਨ, ਬੀਕੇਯੂ ਸਿੱਧੂਪੁਰ, ਪੈਨਸ਼ਨਰ ਐਸੋਸੀਏਸ਼ਨ ਪੰਜਾਬ, ਬੀਕੇਯੂ ਬੰਬ ਆਦਿ ਜਥੇਬੰਦੀਆਂ ਦੇ ਅਗਵਾਈ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੁਲਾਰਿਆ ਨੇ ਕਿਹਾ ਕਿ 23 ਮਾਰਚ ਨੂੰ ਫਾਂਸੀ ਦਾ ਰੱਸਾ ਚੁੰਮਣ ਵਾਲ਼ੇ ਸ਼ਹੀਦ ਭਗਤ ਸਿੰਘ ਵੱਲੋਂ ਜਿਸ ਤਰ੍ਹਾਂ ਦੀ ਅਜਾਦੀ ਦਾ ਸੁਪਨਾ ਲਿਆ ਗਿਆ ਸੀ ਉਹ ਅੱਜ ਤੱਕ ਵੀ ਨਹੀਂ ਆਈ ਸਗੋਂ ਸਮਾਜ ਦੇ ਹਾਲਾਤ ਹੋਰ ਵੀ ਬਦਤਰ ਹੋਏ ਹਨ। ਅੱਜ ਦੇ ਇਕੱਠ ਨੇ ਮੰਗ ਕੀਤੀ ਕਿ ਕਿਸਾਨਾਂ ਮਜ਼ਦੂਰਾਂ ਦੇ ਕਰਜੇ ਉੱਪਰ ਲੀਕ ਮਾਰਕੇ ਸਾਰੀਆਂ ਫਸਲਾਂ ਦੇ ਐੱਮਐੱਸਪੀ ਦਾ ਗਾਰੰਟੀ ਕਾਨੂੰਨ ਬਣਾਇਆ ਜਾਵੇ, ਬੀਜ ਬਿੱਲ, ਬਿਜਲੀ ਸੋਧ ਬਿੱਲ, ਚਾਰ ਲੇਬਰ ਕੋਡ, ਜੀਰਾਮ ਜੀ ਕਾਨੂੰਨ, ਅਮਰੀਕਾ ਨਾਲ ਫਰੀ ਟਰੇਡ ਸਮਝੌਤਾ ਅਤੇ ਸਾਰੇ ਲੋਕ ਵਿਰੋਧੀ ਕਾਨੂੰਨ ਅਤੇ ਬਿੱਲ ਰੱਦ ਕੀਤੇ ਜਾਣ, ਵੱਖ ਵੱਖ ਦੇਸ਼ਾਂ ਦੇ ਮਾਲ ਖਜਾਨੇ ਲੁੱਟਣੇ ਬੰਦ ਕੀਤੇ ਜਾਣ। ਰੈਲੀ ਕਰਨ ਉਪਰੰਤ ਲੋਕਾਂ ਵੱਲੋਂ ਕਾਫਲੇ ਦੇ ਰੂਪ ਵਿਚ ਦੇਸ਼ ਦੇ ਇਨਕਲਾਬੀ ਸ਼ਹੀਦਾਂ ਨੂੰ ਨਤਮਸਤਕ ਹੋਕੇ ਉਨ੍ਹਾਂ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਦਿਆ ਅਹਿਦ ਦੁਹਰਾਇਆ ਗਿਆ। ਇਸ ਮੌਕੇ ਡਾ. ਦਰਸ਼ਨਪਾਲ, ਦਲਵਿੰਦਰ ਸਿੰਘ ਸ਼ੇਰਖਾਂ, ਅਵਤਾਰ ਸਿੰਘ ਮਹਿਮਾ, ਸੁਖਵਿੰਦਰ ਸਿੰਘ ਔਲਖ (ਹਰਿਆਣਾ) ਸ਼ਸ਼ੀਕਾਂਤ ਅਲੀਗੜ੍ਹ (ਯੂਪੀ), ਸੁਖਦੇਵ ਸਿੰਘ ਅਰਾਈਆਂ ਵਾਲਾ, ਜਗਰੂਪ ਸਿੰਘ ਭੁੱਲਰ, ਸੂਰਜ ਪ੍ਰਕਾਸ਼ ਬਾਜੇਕੇ, ਗੁਰਮੀਤ ਸਿੰਘ ਘੋੜੇਚੱਕ, ਮਲਕੀਤ ਸਿੰਘ ਹਰਾਜ, ਰਾਕੇਸ਼ ਸ਼ਰਮਾ, ਸਾਰਜ ਸਿੰਘ ਬੰਬ ਆਦਿ ਆਗੂਆਂ ਨੇ ਸੰਬੋਧਨ ਕੀਤਾ।