- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿੱਟੀ ਪਰਖ ਅਧਾਰਿਤ ਖਾਦਾਂ ਦੀ ਵਰਤੋਂ ਕਰਨ ਕਿਸਾਨ : ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਅਤੇ ਆਈਸੀਏਆਰ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ 1 ਤੋਂ 30 ਜੂਨ ਤੱਕ ਪੂਰੇ ਦੇਸ਼ ਵਿਚ ਚਲਾਈ ਜਾ ਰਹੀ ‘ਖੇਤ ਬਚਾਓ ਮੁਹਿੰਮ’ ਤਹਿਤ ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ ਦੀ ਟੀਮ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਸ਼ਕੂਰ ਤੇ ਲੂੰਬੜੀਵਾਲਾ ਵਿਖੇ ਲੜੀਵਾਰ ਜਾਗਰੂਕਤਾ ਕੈਂਪ ਲਗਾਏ ਗਏ। ਇਸ ਮੌਕੇ ਡਾ. ਗੁਰਮੇਲ ਸਿੰਘ ਸੰਧੂ, ਡਿਪਟੀ ਡਾਇਰੈਕਟਰ (ਸਿਖਲਾਈ) ਨੇ ਝੋਨੇ ਦੀ ਫ਼ਸਲ ਨੂੰ ਮੁੱਖ ਰੱਖਦਿਆਂ ਉਨ੍ਹਾਂ ਕਿਹਾ ਕਿ ਜਿਸ ਕਿਸਾਨ ਵੀਰ ਨੇ ਕਣਕ ਨੂੰ ਸਿਫ਼ਾਰਸ਼ ਕੀਤੀ ਫ਼ਾਸਫ਼ੋਰਸ ਦੀ ਖਾਦ ਪਾਈ ਹੋਵੇ ਤਾਂ ਝੋਨੇ ਨੂੰ ਫ਼ਾਸਫ਼ੋਰਸ ਖਾਦ ਪਾਉਣ ਦੀ ਲੋੜ ਨਹੀਂ। ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਜੇਕਰ ਫਾਸਫੋਰਸ ਤੱਤ ਦੀ ਲੋੜ ਦੱਸੀ ਜਾਂਦੀ ਹੈ ਤਾਂ ਵੀ ਸਿਫਾਰਸ਼ ਅਨੁਸਾਰ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਡਾ. ਭੱਲਣ ਸਿੰਘ ਸੇਖੋਂ ਸਹਾਇਕ ਪ੍ਰੋਫੈਸਰ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੌਸਮ ਵਿਚ ਆ ਰਹੀ ਤਬਦੀਲੀ ਨਾਲ ਨਜਿੱਠਣ ਲਈ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮੌਸਮ-ਅਧਾਰਿਤ, ਖੇਤਰ-ਵਿਸ਼ੇਸ਼ ਖੇਤੀ ਸਲਾਹਾਂ ਹਫ਼ਤੇਵਾਰ ਸੋਸ਼ਲ ਮੀਡੀਆ ਰਾਹੀਂ (ਵਟਸਐਪ ਰਾਹੀਂ) ਕਿਸਾਨਾਂ ਨਾਲ ਸੁਨੇਹੇ ਸਾਂਝੇ ਕੀਤੇ ਜਾਂਦੇ ਹਨ। ਇਸ ਨਾਲ ਫ਼ਸਲਾਂ ਦੀ ਵਿਓਂਤਬੰਦੀ ਸੁਚੱਜੇ ਢੰਗ ਨਾਲ ਕੀਤੀ ਜਾ ਸਕਦੀ ਹੈ। ਦੀਪਕ ਕੁਮਾਰ ਪ੍ਰੋਗਰਾਮ ਅਸਿਸਟੈਂਟ, ਲੈਬ ਟੈਕ ਨੇ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੇ ਨਮੂਨੇ ਲੈਣ ਦੇ ਢੰਗ ਬਾਰੇ ਢੰਗ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਮੂਨਾ ਭਰਨ ਲਈ ਮਿੱਟੀ ਨੂੰ ਬਿਨ੍ਹਾ ਖੁਰਚੇ ਜ਼ਮੀਨ ਦੀ ਉਪਰਲੀ ਤਹਿ ਤੋਂ ਘਾਹ ਫੂਸ ਪਾਸੇ ਕਰ ਲੈਣਾ ਚਾਹੀਦਾ ਹੈ। ਉਸ ਤੋਂ ਬਾਅਦ ਕਹੀ ਜਾ ਖੁਰਪੀ ਦੀ ਮੱਦਦ ਨਾਲ ਅੰਗਰੇਜ਼ੀ ਦੇ ਅੱਖਰ ‘ਵੀ’ ਦੀ ਸ਼ਕਲ ਦਾ 6 ਇੰਚ ਟੋਆ ਪੁੱਟ ਕੇ ਇਸ ਦੇ ਇਕ ਪਾਸਿਓਂ ਉੱਪਰ ਤੋਂ ਲੈ ਕੇ ਨੀਚੇ ਤੱਕ ਇਕਸਾਰ ਇਕ ਇੰਚ ਮੋਟੀ ਮਿੱਟੀ ਦੀ ਤਹਿ ਕੱਟ ਕੇ ਇਸ ਤਰ੍ਹਾਂ ਨਾਲ 7-8 ਜਗ੍ਹਾ ਤੋਂ ਹੋਰ ਮਿੱਟੀ ਦੇ ਨਮੂਨੇ ਭਰਨੇ ਚਾਹੀਦੇ ਹਨ। ਸਾਰੇ ਨਮੂਨਿਆਂ ਨੂੰ ਕਿਸੇ ਸਾਫ਼ ਬਰਤਨ ਜਾ ਕੱਪੜੇ ਵਿਚ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਇਸ ਵਿੱਚੋਂ ਅੱਧਾ ਕਿੱਲੋ ਮਿੱਟੀ ਲੈ ਕੇ ਕੱਪੜੇ ਦੀ ਥੈਲੀ ਵਿਚ ਪਾ ਚਾਹੀਦੀ ਹੈ। ਥੈਲੀ ਉੱਪਰ ਆਪਣੀ ਅਤੇ ਖੇਤ ਦੀ ਜਾਣਕਾਰੀ ਲਿਖ ਕੇ ਨਮੂਨੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਬਣੀ ਮਿੱਟੀ ਪਾਣੀ ਪਰਖ ਜਮ੍ਹਾ ਲੈਬ ਵਿਚ ਕਰਵਾ ਦਿਓ। ਟੈਸਟ ਉਪਰੰਤ ਰਿਪੋਰਟ ਹੱਥੀਂ ਜਾਂ ਫਿਰ ਵਟਸਐਪ ਦੇ ਮਾਧਿਅਮ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਨ੍ਹਾਂ ਕੈਂਪਾਂ ਵਿਚ ਸ਼ਕੂਰ ਨੇੜਲੇ ਪਿੰਡ ਭਾਂਗਰ ਅਤੇ ਡੂਮਣੀਵਾਲਾ ਦੇ ਕਿਸਾਨਾਂ ਨੇ ਵੀ ਭਾਗ ਲਿਆ। ਕੈਂਪ ਵਿਚ ਸ਼ਾਮਲ ਕਿਸਾਨ ਵੀਰਾਂ ਮੇਜਰ ਸਿੰਘ ਲੂੰਬੜੀਵਾਲਾ, ਵੀਰ ਸਿੰਘ ਸ਼ਕੂਰ, ਮਨਦੀਪ ਸਿੰਘ ਲੂੰਬੜੀਵਾਲਾ, ਜਸਵੀਰ ਸਿੰਘ ਲੂੰਬੜੀਵਾਲਾ, ਸੰਤੋਖ ਸਿੰਘ ਡੂਮਣੀਵਾਲਾ ਅਤੇ ਭੋਲਾ ਸਿੰਘ ਭਾਂਗਰ ਨੇ ਮਿੱਟੀ ਪਰਖ ਦੇ ਅਧਾਰ ਤੇ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਅਤੇ ਝੋਨੇ ਵਿਚ ਫਾਸਫੋਰਸ ਤੱਤ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਹਾਮੀ ਭਰੀ।