ਬਿਜਲੀ ਕੱਟਾਂ ਖ਼ਿਲਾਫ਼ ਕਿਸਾਨਾਂ ਰੋਸ
ਬਿਜਲੀ ਕੱਟਾਂ ਖ਼ਿਲਾਫ਼ ਕਿਸਾਨਾਂ ਰੋਸ
Publish Date: Fri, 17 Apr 2026 03:57 PM (IST)
Updated Date: Fri, 17 Apr 2026 04:00 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਬਿਜਲੀ ਸਪਲਾਈ ਵਿਚ ਲਗਾਤਾਰ ਲੱਗ ਰਹੇ ਲੰਬੇ ਕੱਟਾਂ ਖ਼ਿਲਾਫ਼ ਅੱਜ ਬਿਜਲੀ ਘਰ ਜ਼ੀਰਾ ਵਿਖੇ ਤਿੱਖਾ ਵਿਰੋਧ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਦੋਸ਼ ਲਗਾਇਆ ਕਿ 24 ਘੰਟੇ ਬਿਜਲੀ ਸਪਲਾਈ ਦੇ ਦਾਵਿਆਂ ਦੇ ਬਾਵਜੂਦ ਅਣਐਲਾਨੇ ਅਤੇ ਲੰਬੇ ਕੱਟਾਂ ਕਾਰਨ ਖੇਤੀਬਾੜੀ ਦੇ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ, ਜਿਸ ਨਾਲ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੌਸਮੀ ਫਸਲਾਂ ਲਈ ਬਿਜਲੀ ਦੀ ਪੂਰੀ ਸਪਲਾਈ ਨਾ ਮਿਲਣ ਕਾਰਨ ਫਸਲਾਂ ਤੇ ਮਾੜਾ ਅਸਰ ਪੈ ਰਿਹਾ ਹੈ। ਇਸ ਦੌਰਾਨ ਬਲਾਕ ਪ੍ਰਧਾਨ ਸੁਖਚੈਨ ਸਿੰਘ ਸਿੱਧੂ ਦੀ ਅਗਵਾਈ ਹੇਠ ਨਿਰਮਲ ਸਿੰਘ ਵਲਟੋਹਾ ਬਲਾਕ ਪ੍ਰਧਾਨ ਮੱਲਾਵਾਂਲਾ,ਗੈਰੀ ਸਿੰਘ ਬੰਡਾਲਾ ਸੂਬਾ ਮੀਡੀਆ ਇੰਚਾਰਜ਼, ਬਲਵਿੰਦਰ ਸਿੰਘ ਮੱਲੀ ਬਲਾਕ ਸਕੱਤਰ, ਹਰਮੀਤ ਸਿੰਘ ਜ਼ੀਰਾ ਅਤੇ ਗੁਰਭੇਜ ਸਿੰਘ ਵਲਟੋਹਾ ਇਕਾਈ ਪ੍ਰਧਾਨ ਆਦਿ ਮੌਜ਼ੂਦ ਐਕਸੀਅਨ ਜ਼ੀਰਾ ਸਰਤਾਜ ਸਿੰਘ ਥਿੰਦ ਨੂੰ ਮੰਗ ਪੱਤਰ ਸੌਂਪਣ ਲਈ ਪਹੁੰਚੇ ਤਾਂ ਉਹ ਉੱਥੇ ਮੌਜ਼ੂਦ ਨਹੀਂ ਸਨ, ਇਸ ਉਪਰੰਤ ਮੰਗ ਉਨ੍ਹਾਂ ਵੱਲੋਂ ਐੱਸਡੀਓ ਦਲਜੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ਨੂੰ ਜਲਦੀ ਸੁਧਾਰਿਆ ਨਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਤਰਜੀਹ ਦੇ ਕੇ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਖੇਤੀਬਾੜੀ ਦੇ ਕੰਮ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿ ਸਕਣ।