ਲੈਂਡ ਮੋਰਗੇਜ ਬੈਂਕ ਦੀਆਂ ਕਥਿਤ ਸਾਜ਼ਿਸ਼ਾਂ ਖ਼ਿਲਾਫ਼ ਕਿਸਾਨਾਂ ਕੀਤਾ ਪ੍ਰਦਰਸ਼ਨ
ਲੈਂਡ ਮੋਰਗੇਜ ਬੈਂਕ ਦੀਆਂ ਕਥਿਤ ਸਾਜ਼ਿਸ਼ਾਂ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ, ਫਿਰੋਜ਼ਪੁਰ ਬੈਂਕ ਦਾ ਗੇਟ ਕੀਤਾ ਬੰਦ
Publish Date: Mon, 20 Apr 2026 07:31 PM (IST)
Updated Date: Mon, 20 Apr 2026 07:33 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਵੱਲੋਂ ਲੈਂਡ ਮੋਰਗੇਜ ਬੈਂਕ ਦੀਆਂ ਕਥਿਤ ਧੱਕੇਸ਼ਾਹੀਆਂ ਅਤੇ ਸਾਜ਼ਿਸ਼ਾਂ ਖ਼ਿਲਾਫ਼ ਅੱਜ ਫਿਰੋਜ਼ਪੁਰ ਵਿਖੇ ਬੈਂਕ ਦਾ ਮੁੱਖ ਗੇਟ ਬੰਦ ਕਰਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਫਰੀਦਕੋਟ ਦੇ ਪਿੰਡ ਹਰੀ ਨੌਂ ਦੇ ਉਨ੍ਹਾਂ ਦੋ ਸਕੇ ਭਰਾਵਾਂ ਨੂੰ ਇਨਸਾਫ਼ ਦਿਵਾਉਣ ਲਈ ਕੀਤਾ ਗਿਆ, ਜਿਨ੍ਹਾਂ ਨੇ ਬੈਂਕ ਦੀ ਕਥਿਤ ਸਖ਼ਤੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਸੀ। ਕਿਸਾਨ ਆਗੂਆਂ ਨੇ ਬੈਂਕ ਪ੍ਰਸ਼ਾਸਨ ’ਤੇ ਦੋਹਰੇ ਮਾਪਦੰਡ ਅਪਣਾਉਣ ਦੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਬੈਂਕ ਅਰਬਾਂ ਰੁਪਏ ਲੁੱਟ ਕੇ ਭੱਜਣ ਵਾਲੇ ਕਾਰਪੋਰੇਟ ਘਰਾਣਿਆਂ ਪ੍ਰਤੀ ਨਰਮ ਰੁਖ਼ ਅਪਣਾਉਂਦੇ ਹਨ, ਪਰ ਦੂਜੇ ਪਾਸੇ ਕਰਜ਼ਾ ਮੋੜ ਚੁੱਕੇ ਕਿਸਾਨਾਂ ਦੀ ਤੀਜੀ ਪੀੜ੍ਹੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਕਰਜ਼ਾ ਮੋੜ ਕੇ ‘ਕਲੀਅਰੈਂਸ ਸਰਟੀਫਿਕੇਟ’ ਹਾਸਲ ਕਰ ਲਏ ਹਨ, ਉਨ੍ਹਾਂ ਦੀਆਂ ਜ਼ਮੀਨਾਂ ਤੇ ਵੀ ਬੈਂਕ ਵੱਲੋਂ ਪਟਵਾਰੀਆਂ ਰਾਹੀਂ ਦੁਬਾਰਾ ਰਪਟਾਂ ਪੁਆ ਕੇ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਧਰਨੇ ਦੌਰਾਨ ਇਹ ਖ਼ੁਲਾਸਾ ਹੋਇਆ ਕਿ ਚੰਡੀਗੜ੍ਹ ਤੋਂ ਪੁੱਜੇ ਬੈਂਕ ਦੇ ਉੱਚ ਅਧਿਕਾਰੀਆਂ ਨੇ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਮੰਨਿਆ ਹੈ ਕਿ ਬੈਂਕ ਕੋਲ ਕਿਸਾਨਾਂ ਦੇ ਖਾਲੀ ਚੈੱਕ ਪਏ ਹਨ। ਕਿਸਾਨ ਆਗੂ ਰਣਜੀਤ ਸਿੰਘ ਅਤੇ ਸਾਬ ਸਿੰਘ ਨੇ ਕਿਹਾ ਕਿ ਆਰਬੀਆਈ ਦੀ ਅਜਿਹੀ ਕੋਈ ਨੀਤੀ ਨਹੀਂ ਹੈ ਕਿ ਜ਼ਮੀਨ ਗਹਿਣੇ ਰੱਖਣ ਦੇ ਬਾਵਜੂਦ ਖਾਲੀ ਚੈੱਕ ਲਏ ਜਾਣ। ਉਨ੍ਹਾਂ ਦੋਸ਼ ਲਾਇਆ ਕਿ ਇਹ ਚੈੱਕ ਕਿਸਾਨਾਂ ਨੂੰ ਅਦਾਲਤੀ ਕੇਸਾਂ ਵਿੱਚ ਫਸਾਉਣ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਕੁਰਕ ਕਰਵਾਉਣ ਲਈ ਇੱਕ ਹਥਿਆਰ ਵਜੋਂ ਵਰਤੇ ਜਾਂਦੇ ਹਨ। ਕਿਸਾਨ ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ਼ ਨਾ ਮਿਲਿਆ ਅਤੇ ਕਿਸਾਨਾਂ ਦੇ ਖਾਲੀ ਚੈੱਕ ਵਾਪਸ ਨਾ ਕੀਤੇ ਗਏ, ਤਾਂ ਫਿਰੋਜ਼ਪੁਰ ਵਿਚ ਵੀ ਫਰੀਦਕੋਟ ਦੀ ਤਰ੍ਹਾਂ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਇਕਬਾਲ ਸਿੰਘ ਸੱਪਾਵਾਲੀ, ਜੱਜ ਸਿੰਘ ਹਾਮਦ ਅਤੇ ਹੋਰ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਨਹੀਂ ਹੋਣ ਦੇਣਗੇ।