ਕਿਸਾਨ ਜਥੇਬੰਦੀਆਂ ਵੱਲੋਂ ਡਰੇਨ ’ਤੇ ਬੰਨ੍ਹ ਨਾ ਬਣਾਉਣ ਦੀ ਮੰਗ, ਏਡੀਸੀ ਨੂੰ ਸੌਂਪਿਆ ਮੰਗ-ਪੱਤਰ
ਕਿਸਾਨ ਜਥੇਬੰਦੀਆਂ ਵੱਲੋਂ ਡਰੇਨ ’ਤੇ ਬੰਨ੍ਹ ਨਾ ਬਣਾਉਣ ਦੀ ਮੰਗ, ਏਡੀਸੀ ਨੂੰ ਸੌਂਪਿਆ ਮੰਗ-ਪੱਤਰ
Publish Date: Thu, 11 Jun 2026 04:25 PM (IST)
Updated Date: Fri, 12 Jun 2026 04:03 AM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੀ ਲਕਸ਼ਮਣ ਨਹਿਰ ਦੇ ਕੋਲ ਇਕ ਡਰੇਨ ’ਤੇ ਬੰਨ੍ਹ ਬਣਾਉਣ ਦੀ ਯੋਜਨਾ ਦਾ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਸ਼ੁਰੂ ਹੋ ਗਿਆ ਹੈ। ਇਸੇ ਸਬੰਧ ਵਿਚ ਅੱਜ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਇਕ ਸਾਂਝੇ ਵਫਦ ਮੰਡਲ ਵੱਲੋਂ ਫ਼ਿਰੋਜ਼ਪੁਰ ਦੇ ਏਡੀਸੀ ਨੂੰ ਡਿਪਟੀ ਕਮਿਸ਼ਨਰ ਦੇ ਨਾਂ ਇਕ ਮੰਗ-ਪੱਤਰ ਸੌਂਪਿਆ ਗਿਆ। ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ ਸਾਫ਼ ਸ਼ਬਦਾਂ ਵਿਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਕੇ ਡਰੇਨ ’ਤੇ ਜ਼ਬਰਦਸਤੀ ਬੰਨ੍ਹ ਜਾਂ ਪੁਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਸਮੂਹ ਕਿਸਾਨ ਜਥੇਬੰਦੀਆਂ ਆਪਣੇ ਪਰਿਵਾਰਾਂ ਸਮੇਤ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਗੀਆਂ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਸਰਪੰਚ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਭਾਰਤੀ ਕਿਸਾਨ ਯੂਨੀਅਨ ਬੁੱਟਰ ਦੇ ਪ੍ਰਮੁੱਖ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਖ਼ਦਸ਼ੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਡਰੇਨ ’ਤੇ ਬੰਨ੍ਹ ਬਣਾਉਣ ਦੀ ਜੋ ਯੋਜਨਾ ਤਿਆਰ ਕੀਤੀ ਗਈ ਹੈ, ਉਸ ਨਾਲ ਇਲਾਕੇ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਬੇਹੱਦ ਉਪਜਾਊ ਜ਼ਮੀਨ ਇਸ ਦੀ ਲਪੇਟ ਵਿਚ ਆ ਜਾਵੇਗੀ। ਇਸ ਤੋਂ ਇਲਾਵਾ ਬੰਨ੍ਹ ਕਾਰਨ ਕਈ ਪਿੰਡਾਂ ਦਾ ਵਜੂਦ ਖ਼ਤਰੇ ਵਿਚ ਪੈ ਜਾਵੇਗਾ ਅਤੇ ਹੋਰਨਾਂ ਨਹਿਰਾਂ ਦੇ ਕਿਨਾਰੇ ਵਸੀਆਂ ਗਰੀਬਾਂ ਦੀਆਂ ਬਸਤੀਆਂ ਵੀ ਪੂਰੀ ਤਰ੍ਹਾਂ ਉੱਜੜ ਜਾਣਗੀਆਂ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਇਸ ਕਾਰਵਾਈ ਨਾਲ ਸਰਹੱਦੀ ਖੇਤਰ ਦੇ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਵੇਗਾ, ਜੋ ਪਹਿਲਾਂ ਹੀ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਸੇਮ ਨਾਲੇ ਅਤੇ ਬੰਨ੍ਹ ਦਾ ਜੋ ਵੀ ਐਸਟੀਮੇਟ ਤਿਆਰ ਕੀਤਾ ਗਿਆ ਹੈ, ਉਸ ਦੇ ਮਕਸਦ ਨੂੰ ਪੂਰਾ ਕਰਨ ਲਈ ਕੋਈ ਹੋਰ ਬਦਲਵਾਂ ਹੱਲ ਲੱਭਿਆ ਜਾਵੇ ਤਾਂ ਜੋ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਘਰਾਂ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਰੇਸ਼ਮ ਸਿੰਘ, ਪਰਮਜੀਤ ਸਿੰਘ, ਗੁਰਮੀਤ ਸਿੰਘ ਮਹਿਮਾ, ਸਾਰਜ ਸਿੰਘ, ਹਰਨੇਕ ਸਿੰਘ ਮਹਿਮਾ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਹੋਰ ਕਿਸਾਨ ਆਗੂ ਵੀ ਮੌਜ਼ੂਦ ਸਨ।