ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਨਿਖੇਧੀ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਪਿੰਡ ਪੱਧਰੀ ਦੇ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਹੋਈ
Publish Date: Sun, 18 Jan 2026 04:37 PM (IST)
Updated Date: Sun, 18 Jan 2026 04:40 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਪਿੰਡ ਪੱਧਰੀ ਦੇ ਇਤਹਾਸਿਕ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ’ਤੇ ਮੀਟਿੰਗ ਹੋਈ। ਮੀਟਿੰਗ ਦੌਰਾਨ ਕਿਸਾਨਾਂ ਨੇ ਕਿਹਾ ਕਿ ਹਲਕਾ ਮਜੀਠਾ ਵਿਖੇ ਭਗਵੰਤ ਮਾਨ ਵਲੋਂ ਕੀਤੀ ਜਾ ਰਹੀ ਰੈਲੀ ਵਿਚ ਕਿਸਾਨ ਆਗੂਆਂ ਵੱਲੋਂ ਸ਼ੰਬੂ, ਖਨੌਰੀ ਮੋਰਚਿਆਂ ਦੇ ਕੀਤੇ ਜਬਰ ਤੇ ਸਮਾਨ ਦੀ ਭੰਨਤੋੜ ਦੀ ਭਰਪਾਈ, ਬਿਜਲੀ ਸੋਧ ਬਿੱਲ-2025, ਬੀਜ ਐਕਟ ਅਤੇ ਹੋਰ ਕਿਸਾਨੀ ਮੰਗਾਂ ’ਤੇ ਵਾਰ ਵਾਰ ਕਿਸਾਨ ਆਗੂਆਂ ਨੂੰ ਮੀਟਿੰਗ ਦਾ ਟਾਇਮ ਦੇ ਕੇ ਮੀਟਿੰਗ ਨਾ ਕਰਨਾ ਤੇ ਆਪਣੇ ਅਹੁਦੇ ਦੀ ਮਾਣ ਮਰਿਆਦਾ ਨੂੰ ਛਿੱਕੇ ਟੰਗ ਕੇ ਸਵਾਲ ਕਰਨ ਜਾ ਰਹੇ ਕਿਸਾਨ ਆਗੂਆਂ ਨੂੰ ਜਬਰੀ ਰਾਤ ਨੂੰ ਘਰਾਂ ਵਿਚ ਚੁੱਕ ਕੇ ਥਾਣਿਆਂ ਵਿਚ ਬੰਦ ਕਰਨਾ ਅਤਿ ਹੀ ਮਾੜਾ ਵਰਤਾਰਾ ਹੈ ਅਤੇ ਸਵਾਲਾਂ ਤੋਂ ਭੱਜਣਾ ਕਾਇਰਾਨਾ ਹਰਕਤ ਹੈ ਤੇ ਲੋਕਤੰਤਰ ਦਾ ਘਾਣ ਹੈ। ਕਿਸਾਨ ਆਗੂਆਂ ਨੇ ਭਗਵੰਤ ਮਾਨ ਨੂੰ ਚੋਣਾਂ ਵੇਲੇ ਕੀਤੇ ਵਾਅਦਿਆਂ ਨੂੰ ਯਾਦ ਕਰਨ ਤੇ ਕੀਤੇ ਵਾਅਦੇ ਪੂਰੇ ਕਰਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਸਮਾਂ ਬਲਵਾਨ ਹੁੰਦਾ ਹੈ ਤੇ ਟਾਇਮ ਆਉਣ ’ਤੇ ਜੇਕਰ ਲੋਕ ਤਖਤ ’ਤੇ ਬਿਠਾ ਸਕਦੇ ਹਨ ਤਾਂ ਲਾਹ ਵੀ ਸਕਦੇ ਹਨ। ਇਸ ਤਰ੍ਹਾਂ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਇਸ ਮੌਕੇ ਸੁਰਜੀਤ ਸਿੰਘ ਫੌਜ਼ੀ, ਅਮਨਦੀਪ ਸਿੰਘ ਕੱਚਰਭੰਨ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਰਣਜੀਤ ਸਿੰਘ ਖੱਚਰ ਵਾਲਾ, ਰਸ਼ਪਾਲ ਸਿੰਘ ਗੱਟਾ, ਬਚਿੱਤਰ ਸਿੰਘ ਦੂਲੇਵਾਲਾ, ਜੋਗਾ ਸਿੰਘ ਵੱਟੂਭੱਟੀ, ਵਰਿੰਦਰ ਸਿੰਘ ਕੱਸੋਆਣਾ, ਆਰ ਕੇ ਜ਼ੀਰਾ, ਅਮਰਜੀਤ ਸਿੰਘ ਸੰਤੂ ਵਾਲਾ, ਸਾਹਿਬ ਸਿੰਘ ਤਲਵੰਡੀ, ਮੱਸਾ ਸਿੰਘ ਆਸਿਫ਼ ਵਾਲਾ, ਸਾਹਿਬ ਸਿੰਘ ਦੀਨੇਕੇ, ਗੁਰਮੁੱਖ ਸਿੰਘ ਕਾਮਲਵਾਲਾ ਆਦਿ ਆਗੂ ਹਾਜ਼ਰ ਸਨ।