ਮੰਡੀਆਂ ’ਚ ਹੋ ਰਹੀ ਕਿਸਾਨਾਂ ਦੀ ਲੁੱਟ
ਮੰਡੀਆਂ ਵਿਚ ਹੁੰਦੀ ਕਿਸਾਨਾਂ ਦੀ ਲੁੱਟ
Publish Date: Sat, 18 Apr 2026 03:58 PM (IST)
Updated Date: Sat, 18 Apr 2026 04:00 PM (IST)

ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੁੰਦਿਆਂ ਹੀ ਕਿਸਾਨਾਂ ਦੀ ਆਰਥਿਕ ਲੁੱਟ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਤਾਜ਼ਾ ਮਾਮਲਾ ਗੁਰੂਹਰਸਹਾਏ ਦੀ ਅਨਾਜ ਮੰਡੀ ਤੋਂ ਸਾਹਮਣੇ ਆਇਆ ਹੈ, ਜਿੱਥੇ ਕਣਕ ਦੀ ਤੁਲਾਈ ਦੌਰਾਨ ਸਰਕਾਰੀ ਬਾਰਦਾਨੇ (ਗੱਟੇ) ਦੇ ਭਾਰ ਵਿਚ ਵੱਡੀ ਹੇਰਾਫੇਰੀ ਕਰਕੇ ਕਿਸਾਨਾਂ ਦੀ ਜੇਬ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਸਥਾਨਕ ਕਿਸਾਨਾਂ ਨੇ ਸਬੂਤਾਂ ਸਮੇਤ ਖੁਲਾਸਾ ਕੀਤਾ ਹੈ ਕਿ ਮੰਡੀ ਵਿਚ ਵਰਤੇ ਜਾ ਰਹੇ ਸਰਕਾਰੀ ਗੱਟੇ ਦਾ ਅਸਲ ਭਾਰ ਸਿਰਫ਼ 482 ਗ੍ਰਾਮ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਤੁਲਾਈ ਵੇਲੇ ਇਸ ਗੱਟੇ ਦਾ ਭਾਰ 700 ਗ੍ਰਾਮ ਕੱਟਿਆ ਜਾ ਰਿਹਾ ਹੈ। ਪ੍ਰਤੀ ਗੱਟਾ ਲਗਭਗ 218 ਗ੍ਰਾਮ ਵਾਧੂ ਅਨਾਜ ਲਿਆ ਜਾ ਰਿਹਾ ਹੈ, ਜੋ ਕਿ ਹਜ਼ਾਰਾਂ ਗੱਟਿਆਂ ਦੀ ਤੁਲਾਈ ਦੌਰਾਨ ਲੱਖਾਂ ਰੁਪਏ ਦਾ ਘਪਲਾ ਬਣਦਾ ਹੈ। ਕਿਸਾਨਾਂ ਅਨੁਸਾਰ ਇਹ ਸਿੱਧੇ ਤੌਰ ’ਤੇ ਉਨ੍ਹਾਂ ਦੇ ਹੱਕਾਂ ’ਤੇ ਮਾਰਿਆ ਜਾ ਰਿਹਾ ਅਸਿੱਧਾ ਡਾਕਾ ਹੈ। ਪੀੜ੍ਹਤ ਕਿਸਾਨ ਪਿਆਰਾ ਸਿੰਘ ਮਹਿੰਦਰ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ ਖੋਲ੍ਹਦਿਆਂ ਦੱਸਿਆ ਕਿ ਮੰਡੀ ਦੇ ਫੜਾਂ ’ਤੇ ਆੜ੍ਹਤੀਆਂ ਨੇ ਕਥਿਤ ਤੌਰ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਨਿਯਮਾਂ ਮੁਤਾਬਿਕ ਫੜਾਂ ’ਤੇ ਕਿਸਾਨਾਂ ਦਾ ਪਹਿਲਾ ਹੱਕ ਹੈ ਤਾਂ ਜੋ ਉਹ ਆਪਣੀ ਫਸਲ ਉਤਾਰ ਸਕਣ, ਪਰ ਇੱਥੇ ਸਥਿਤੀ ਉਲਟ ਹੈ। ਪਿਆਰਾ ਸਿੰਘ ਮਹਿੰਦਰ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਜਦੋਂ ਕੋਈ ਕਿਸਾਨ ਆਪਣਾ ਹੱਕ ਮੰਗਦਾ ਹੈ, ਤਾਂ ਆੜ੍ਹਤੀਆਂ ਦੇ ਮੁਨੀਮ ਉਨ੍ਹਾਂ ਨਾਲ ਬੇਹੱਦ ਭੱਦੀ ਅਤੇ ਗ਼ਲਤ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਜਦੋਂ ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਭਰੋਸਾ ਦਿੱਤਾ ਕਿ ਉਹ ਤੁਰੰਤ ਮੰਡੀ ਵਿਚ ਚੈਕਿੰਗ ਕਰਵਾਉਣਗੇ ਅਤੇ ਕਿਸੇ ਵੀ ਕਿਸਾਨ ਨਾਲ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ। ਦੂਜੇ ਪਾਸੇ ਮੰਡੀ ਬੋਰਡ ਦੇ ਡੀਐੱਮਓ ਜਸ਼ਨਦੀਪ ਸਿੰਘ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਿਹਾ ਕਿ ਬਾਰਦਾਨੇ ਦੇ ਤੋਲ ਅਤੇ ਫੜਾਂ ਦੇ ਕਬਜ਼ਿਆਂ ਸਬੰਧੀ ਸ਼ਿਕਾਇਤਾਂ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਡੀਆਂ ਵਿਚ ਤੁਲਾਈ ਦੀ ਨਿਗਰਾਨੀ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਜਾਣ ਤਾਂ ਜੋ ਮਿਹਨਤਕਸ਼ ਅੰਨਦਾਤੇ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ। ਕਿਸਾਨ ਯੂਨੀਅਨ ਆਗੂ ਧਰਮ ਸਿੰਘ ਲਾਲਚੀਆ ਨੇ ਕਿਹਾ ਕਿਸਾਨਾ ਦੀ ਲੁੱਟ ਨਹੀ ਹੋਣ ਦਿੱਤੀ ਜਾਵੇਗੀ ਤੇ ਬਣਦੀ ਕਨੂੰਨੀ ਕਾਰਵਾਈ ਕਰਵਾਈ ਜਾਵੇਗੀ