ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਲੋਹੜੀ ਮੌਕੇ ਕਾਲੇ ਕਾਨੂੰਨਾਂ ਦੀਆਂ ਸਾੜੀਆਂ ਕਾਪੀਆਂ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਲੋਹੜੀ ਮੌਕੇ ਕਾਲੇ ਕਾਨੂੰਨਾਂ ਦੀਆਂ ਸਾੜੀਆਂ ਕਾਪੀਆਂ
Publish Date: Tue, 13 Jan 2026 03:35 PM (IST)
Updated Date: Tue, 13 Jan 2026 03:36 PM (IST)

ਕੇਵਲ ਅਹੂਜਾ, ਪੰਜਾਬੀ ਜਾਗਰਣ ਮਖੂ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਜੋਨ ਮਖੂ ਦੀਆਂ ਸਾਰੀਆਂ ਇਕਾਈਆਂ ਵੱਲੋਂ ਅੱਜ ਲੋਹੜੀ ਦੇ ਤਿਉਹਾਰ ਮੌਕੇ ਭੁਗਿਆ ਨੂੰ ਬਾਲ ਕੇ ਕਾਲੇ ਕਨੂੰਨਾਂ ਜਿਵੇਂ ਕਰ ਮੁਕਤ ਵਪਾਰ ਸਮਝੌਤੇ, ਵੀਬੀ ਜੀ ਰਾਮ ਜੀ, ਬਿਜਲੀ ਬਿੱਲ 2025 ਤੇ ਬੀਜ ਬਿੱਲ 2025 ਦੀਆਂ ਕਾਪੀਆਂ ਸਾੜੀਆਂ। ਕੇਂਦਰ ਦੀ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਜੋਨ ਪ੍ਰਧਾਨ ਵੀਰ ਸਿੰਘ ਨਿਜਾਮਦੀਨ ਵਾਲਾ ਤੇ ਜੋਨ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਦੱਸਿਆ ਕਿ ਭਗਵੰਤ ਮਾਨ ਦੀ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਦਾ ਵਿਰੋਧ ਕਰਨ ਦੀ ਬਜਾਏ ਅੰਦਰ ਖਾਤੇ ਮੋਦੀ ਸਰਕਾਰ ਦੀ ਹਮਾਇਤ ਕਰ ਰਹੀ ਹੈ ਤੇ ਇਨ੍ਹਾਂ ਕਾਲੇ ਕਾਨੂੰਨਾਂ ਵਿਰੁੱਧ ਉੱਠ ਰਹੇ ਅੰਦੋਲਨਾਂ ਨੂੰ ਦੱਬਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ। ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਇਨ੍ਹਾਂ ਕਾਨੂੰਨਾਂ ਦੇ ਆਉਣ ਨਾਲ ਬਿਜਲੀ ਪੂਰੀ ਤਰ੍ਹਾਂ ਕਾਰਪਰੇਟ ਹੱਥਾਂ ਵਿਚ ਚਲੀ ਜਾਵੇਗੀ ਤੇ ਸ਼ਹਿਰਾਂ ਦੇ ਕਾਰੋਬਾਰ ਵੱਡੇ ਵਪਾਰ ਸ਼ੋਪਿੰਗ ਮਾਲ ਰਾਹੀਂ ਕਾਰਪੋਰੇਟਾਂ ਦੇ ਹੱਥਾਂ ਵਿਚ ਚਲੇ ਜਾਣਗੇ। ਭਗਵੰਤ ਮਾਨ ਸਰਕਾਰ ਵੱਲੋਂ ਸ਼ੰਭੂ, ਖਨੌਰੀ ਮੋਰਚਿਆਂ ਦੇ ਕੀਤੇ ਸਮਾਨ ਦੀ ਭੰਨਤੋੜ ਦੀ ਰਕਮ ਦੇਣ ਦੀ ਬਜਾਏ ਕਿਸਾਨ ਆਗੂਆਂ ਨੂੰ ਮੀਟਿੰਗ ਦਾ ਟਾਇਮ ਦੇ ਕੇ ਮੀਟਿੰਗ ਨਾ ਕਰਨਾ ਅੰਦਰਖਾਤੇ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੀ ਨੀਤੀ ਦਾ ਹੀ ਹਿੱਸਾ ਹੈ। ਕਿਸਾਨਾਂ ਵੱਲੋਂ ਅੱਗੇ ਕਿਹਾ ਕਿ ਮਨਰੇਗਾ ਨੂੰ ਖਤਮ ਕਰਕੇ ਮਜ਼ਦੂਰਾਂ ਦੇ ਹੱਕ ਖੋਹੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 18 ਜਨਵਰੀ ਨੂੰ ਭਗਵੰਤ ਮਾਨ ਦੀ ਮਜੀਠਾ ਹਲਕਾ ਵਿਖੇ ਰੈਲੀ ਵਿਚ ਸ਼ੰਬੂ, ਖਨੌਰੀ ਮੋਰਚਿਆਂ ਦੇ ਉਜਾੜੇ ਦਾ ਹਿਸਾਬ, 21, 22 ਫਰਵਰੀ ਨੂੰ ਬਿਜਲੀ ਦੇ ਸਮਾਰਟ ਚਿਪ ਮੀਟਰ ਪੁੱਟ ਕੇ ਬਿਜਲੀ ਦਫਤਰਾਂ ਵਿੱਚ ਜਮ੍ਹਾਂ ਕਰਵਾਏ ਜਾਣਗੇ ਤੇ 5 ਫਰਵਰੀ ਨੂੰ ਐੱਮਐੱਲਏ ਤੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਲਖਵਿੰਦਰ ਸਿੰਘ ਵਸਤੀ ਨਾਮਦੇਵ, ਸਾਹਿਬ ਸਿੰਘ ਤਲਵੰਡੀ, ਬਲਕਾਰ ਸਿੰਘ ਸ਼ਾਮੇ ਵਾਲੀ ਬਸਤੀ, ਸਵਰਨ ਸਿੰਘ ਸ਼ਰਫਲੀ ਸ਼ਾਹ, ਗੁਰਭੇਜ ਸਿੰਘ ਫੇਮੀਵਾਲਾ, ਬਾਜ ਸਿੰਘ ਫੇਮੀਵਾਲਾ, ਜਗਰੂਪ ਸਿੰਘ, ਸਤਨਾਮ ਸਿੰਘ ਟਿੱਬੀ, ਜਸਵੰਤ ਸਿੰਘ ਬਸਤੀ ਨਾਮਦੇਵ, ਕੁਲਦੀਪ ਸਿੰਘ ਖਡੂਰ, ਪਿਆਰਾ ਸਿੰਘ ਘੁੱਦੂਵਾਲਾ, ਤਰਸੇਮ ਸਿੰਘ ਬਾਹਰਵਾਲੀ, ਅੰਗਰੇਜ਼ ਸਿੰਘ, ਹਰਜੀਤ ਸਿੰਘ ਕੁਸੂਵਾਲਾ ਮੋੜ, ਜਰਨੈਲ ਸਿੰਘ ਵਾਰਸਵਾਲਾ ਜੱਟਾਂ, ਸੁਖਚੈਨ ਸਿੰਘ ਲੱਲੇ ਆਦਿ ਹਾਜ਼ਰ ਸਨ।