ਕਣਕ ਦੀ ਲਿਫ਼ਟਿੰਗ ਨਾ ਹੋਣ ’ਤੇ ਕਿਸਾਨਾਂ ਤੇ ਆੜ੍ਹਤੀਆਂ ਨੇ ਲਾਇਆ ਧਰਨਾ
ਕਣਕ ਦੀ ਲਿਫ਼ਟਿੰਗ ਨਾ ਹੋਣ ’ਤੇ ਕਿਸਾਨਾਂ ਅਤੇ ਆੜ੍ਹਤੀਆਂ ਨੇ ਦਿੱਤਾ ਧਰਨਾ
Publish Date: Sat, 25 Apr 2026 05:34 PM (IST)
Updated Date: Sat, 25 Apr 2026 05:37 PM (IST)

- ਪ੍ਰਸ਼ਾਸਨ ਨੇ ਸੋਮਵਾਰ ਤੱਕ ਲਿਫਟਿੰਗ ਸ਼ੁਰੂ ਕਰਨ ਦਾ ਦਿੱਤਾ ਭਰੋਸਾ ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਅਨਾਜ ਮੰਡੀਆਂ ਵਿਚ ਕਣਕ ਦੀ ਲਿਫ਼ਟਿੰਗ ਦੀ ਸੁਸਤ ਰਫ਼ਤਾਰ ਨੇ ਹੁਣ ਕਿਸਾਨਾਂ ਅਤੇ ਆੜ੍ਹਤੀਆਂ ਦੇ ਸਬਰ ਦਾ ਬੰਨ੍ਹ ਤੋੜ ਦਿੱਤਾ ਹੈ। ਅਨਾਜ ਮੰਡੀ ਲੱਖੇ ਕੇ ਬਹਿਰਾਮ ਦੇ ਸਾਹਮਣੇ ਸਥਿਤ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ ’ਤੇ ਕਿਸਾਨ ਜਥੇਬੰਦੀਆਂ ਅਤੇ ਆੜ੍ਹਤੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨਾਕਾਰੀ ਕਿਸਾਨਾਂ ਅਤੇ ਆੜ੍ਹਤੀਆਂ ਨੇ ਸਰਕਾਰ ਅਤੇ ਖ਼ਰੀਦ ਏਜੰਸੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗੇ ਹੋਏ ਹਨ, ਪਰ ਲਿਫ਼ਟਿੰਗ ਨਾ ਹੋਣ ਕਾਰਨ ਨਵੀਂ ਫ਼ਸਲ ਉਤਾਰਨ ਲਈ ਥਾਂ ਨਹੀਂ ਬਚੀ। ਬਾਰਿਸ਼ ਦੇ ਡਰ ਕਾਰਨ ਕਿਸਾਨਾਂ ਦੀ ਚਿੰਤਾ ਵਧ ਰਹੀ ਹੈ ਕਿਉਂਕਿ ਖੁੱਲ੍ਹੇ ਅਸਮਾਨ ਹੇਠ ਪਈ ਫ਼ਸਲ ਖ਼ਰਾਬ ਹੋ ਸਕਦੀ ਹੈ। ਬਾਰਦਾਨੇ ਦੀ ਘਾਟ ਅਤੇ ਢੋਆ-ਢੁਆਈ ਦੇ ਮਾੜੇ ਪ੍ਰਬੰਧਾਂ ਨੇ ਹਾਲਾਤ ਹੋਰ ਨਾਜ਼ੁਕ ਕਰ ਦਿੱਤੇ ਹਨ। ਸਥਿਤੀ ਨੂੰ ਵਿਗੜਦਾ ਦੇਖ ਕੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਿਸ ਮੌਕੇ ’ਤੇ ਪਹੁੰਚੇ। ਅਧਿਕਾਰੀਆਂ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਲਿਫ਼ਟਿੰਗ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਅਧਿਕਾਰਤ ਤੌਰ ’ਤੇ ਭਰੋਸਾ ਦਿੱਤਾ ਗਿਆ ਕਿ ਆਉਣ ਵਾਲੇ ਸੋਮਵਾਰ ਤੱਕ ਲਿਫਟਿੰਗ ਦਾ ਕੰਮ ਮੁਕੰਮਲ ਰੂਪ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ। ਕਿਸਾਨ ਜਥੇਬੰਦੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਸੋਮਵਾਰ ਤੱਕ ਲਿਫ਼ਟਿੰਗ ਸੁਚਾਰੂ ਢੰਗ ਨਾਲ ਸ਼ੁਰੂ ਨਾ ਹੋਈ, ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।