ਫਰਦ ਕੇਂਦਰ ਯੂਨੀਅਨ ਨੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਫਰਦ ਕੇਂਦਰ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਓਪਰੇਟਰ ਤਹਿਸੀਲ ਦੇ ਫਰਦ ਕੇਂਦਰ ਬੰਦ ਕਰਕੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ
Publish Date: Mon, 12 Jan 2026 03:28 PM (IST)
Updated Date: Mon, 12 Jan 2026 03:30 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਰਦ ਕੇਂਦਰ ਕੰਪਿਊਟਰ ਓਪਰੇਟਰ ਪੰਜਾਬ ਜੱਥੇਬੰਦੀ ਦੇ ਸੱਦੇ ਮੁਤਾਬਿਕ ਸਰਕਾਰ ਵੱਲੋਂ ਆਪਣੀ ਹੱਕੀ ਮੰਗਾਂ ਨਾ ਮੰਨਣ ਦੇ ਰੋਸ ਵਜੋਂ 12 ਜਨਵਰੀ 2026 ਨੂੰ ਸਮੂਹ ਪੰਜਾਬ ਦੇ ਫਰਦ ਕੇਂਦਰਾਂ ਨੂੰ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾਣ ਦੇ ਸੱਦੇ ਮੁਤਾਬਿਕ ਸਮੂਹ ਫਰਦ ਕੇਂਦਰ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਓਪਰੇਟਰਾਂ ਵੱਲੋਂ ਵੱਖ-ਵੱਖ ਤਹਿਸੀਲਾਂ ਦੇ ਫਰਦ ਕੇਂਦਰ ਬੰਦ ਕਰਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਫਰਦ ਕੇਂਦਰ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਸੁਨੀਲ ਸ਼ਰਮਾ ਨੇ ਦੱਸਿਆ ਕਿ ਸਮੂਹ ਪੰਜਾਬ ਦੇ ਡਾਟਾ ਐਂਟਰੀ ਓਪਰੇਟਰ ਪਿਛਲੇ ਕਈ ਸਾਲਾਂ ਤੋਂ ਫਰਦ ਕੇਂਦਰਾਂ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। 17–18 ਸਾਲਾਂ ਦੀ ਲਗਾਤਾਰ ਸੇਵਾ ਦੇ ਬਾਵਜੂਦ, ਪਰ ਕਿਰਤ ਕਾਨੂੰਨ ਤੋ ਵੀ ਘੱਟ ਸਾਡੀਆਂ ਤਨਖਾਹਾਂ 7000 ਤੋਂ 9200 ਤੱਕ ਦਿੱਤੀਆਂ ਜਾ ਰਹੀਆਂ ਹਨ ਨਾਂ ਤਾਂ ਤਨਖਾਹਾਂ ਵਿਚ ਵਾਧਾ ਕੀਤਾ ਤੇ ਨਾ ਹੀ ਸਮੇਂ ਸਿਰ ਤਨਖਾਹਾਂ ਦਿੱਤੀਆਂ ਜਾਂ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸੀਐੱਮਐੱਸ ਕੰਪਿਊਟਰਜ਼ ਲਿਮ. ਕੰਪਨੀ ਵੱਲੋਂ ਅਕਤੂਬਰ 2024 ਤੋਂ ਲਗਾਤਾਰ ਇਹ ਪ੍ਰਥਾ ਅਪਣਾਈ ਜਾ ਰਹੀ ਹੈ ਕਿ 2-3 ਮਹੀਨੇ ਕੰਮ ਕਰਵਾ ਕੇ ਸਿਰਫ਼ ਇਕ ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਹੈ। ਜਦੋਂ ਅਸੀਂ ਆਪਣੀ ਬਣਦੀ ਤਨਖਾਹ ਦੀ ਮੰਗ ਲਈ ਕਲਮ-ਛੋਡ ਹੜਤਾਲ ਕਰਦੇ ਹਾਂ, ਤਾਂ ਕੰਪਨੀ ਵੱਲੋਂ ਉਨ੍ਹਾਂ ਦਿਨਾਂ ਦੀ ਤਨਖਾਹ ਵੀ ਕੱਟ ਲਈ ਜਾਂਦੀ ਹੈ। ਸਰਕਾਰ ਦੇ ਨੁਮਾਦਿਆਂ ਨਾਲ ਵੱਖ ਵੱਖ ਮੀਟਿੰਗ ਹੋਣ ਤੋ ਬਾਅਦ ਵੀ ਸਰਕਾਰ ਵੱਲੋਂ ਹਲੇ ਤੱਕ ਕੋਈ ਪਾਲਸੀ ਨਹੀਂ ਤਿਆਰ ਕੀਤੀ ਜਾ ਰਹੀ ਹੈ, ਜਿਥੇ ਸਰਕਾਰ ਸਾਡੇ ਨਾਲ ਪਾਲਸੀ ਤਿਆਰ ਕਰਨ ਦੇ ਵਾਅਦੇ ਕਰ ਰਹੀ ਹੈ, ਪਰ ਇਸ ਦੇ ਉਲਟ ਕੰਪਨੀ ਨੇ ਸਾਨੂੰ 31 ਮਾਰਚ 2026 ਕੰਮ ਬੰਦ ਦਾ ਵੀ ਮੈਸੇਜ ਪਾ ਦਿੱਤਾ ਗਿਆ ਹੈ। ਇਸ ਤੋਂ ਇੰਝ ਜਾਪਦਾ ਹੈ ਕੀ ਸਰਕਾਰ ਨੇ ਨਵਾਂ ਰੋਜ਼ਗਾਰ ਤਾਂ ਕੀ ਦੇਣਾ ਸੀ ਜਿਨ੍ਹਾਂ ਕੋਲ ਰੋਜ਼ਗਾਰ ਹੈ। ਉਹ ਵੀ ਖੋਹ ਲੈਣ ਦੀਆਂ ਤਿਆਰੀਆ ਕਰ ਰਹੀ ਹੈ, ਫਰਦ ਕੇਂਦਰ ਦੇ ਡਾਟਾ ਐਂਟਰੀ ਓਪਰੇਟਰ ਨੂੰ ਮਾਲ ਵਿਭਾਗ ਦੇ ਕੰਮਾਂ ਬਾਰੇ ਬਹੁਤ ਜਾਣਕਾਰੀ ਹੈ। ਉਨ੍ਹਾਂ ਕਿਹਾ ਕੇ ਸਰਕਾਰ ਡਾਟਾ ਐਂਟਰੀ ਓਪਰੇਟਰ ਨੂੰ ਪਟਵਾਰੀਆਂ ਜਾਂ ਕਿਸੇ ਹੋਰ ਖਾਲੀ ਅਸਾਮੀਆਂ ਤੇ ਭਰਤੀ ਕੀਤਾ ਜਾਵੇ ਤੇ ਸਰਕਾਰ ਅੱਗੇ ਮੰਗ ਕੀਤੀ ਜਾਂਦੀ ਹੈ ਕਿ ਮਹੀਨਾ ਦਸੰਬਰ 2025 ਦੀ ਤਨਖਾਹ ਤੁਰੰਤ ਜਾਰੀ ਕੀਤੀਆਂ ਜਾਣ ਤੇ ਉਪਰੋਕਤ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇ, ਜੇ ਮੰਗਾਂ ਪੂਰੀਆ ਨਾ ਹੋਈਆਂ ਤਾਂ ਮਜ਼ਬੂਰਨ ਸਰਕਾਰ ਖਿਲਾਫ ਹੋਰ ਤੇਜ਼ ਸੰਘਰਸ਼ ਕੀਤਾ ਜਾਵੇਗਾ।