- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੇ ਖੋਲ੍ਹਿਆ ਮੋਰਚਾ

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ, ਫਿਰੋਜ਼ਪੁਰ: ਜਿਨ੍ਹਾਂ ਸੂਰਬੀਰਾਂ ਨੇ ਆਪਣੀਆਂ ਜਾਨਾਂ ਹਥੇਲੀ ’ਤੇ ਰੱਖ ਕੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਇਆ, ਅੱਜ ਉਨ੍ਹਾਂ ਦੇ ਹੀ ਵਾਰਸ ਆਜ਼ਾਦ ਭਾਰਤ ਵਿਚ ਆਪਣੇ ਬਣਦੇ ਹੱਕਾਂ ਅਤੇ ਮਾਨ-ਸਨਮਾਨ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ। ਫਰੀਡਮ ਫਾਈਟਰ ਉੱਤਰ-ਅਧਿਕਾਰੀ ਸੰਸਥਾ ਪੰਜਾਬ ਨੇ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਤਿੱਖਾ ਰੋਸ ਪ੍ਰਗਟ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਪ੍ਰਵਾਨ ਨਾ ਕੀਤਾ ਗਿਆ, ਤਾਂ ਉਹ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਲੜਨਗੇ। ਮੁੱਖ ਮੰਤਰੀ ਦੀ ਚੁੱਪ ’ਤੇ ਸਵਾਲ ਸੰਸਥਾ ਦੇ ਮੁੱਖ ਸਕੱਤਰ ਸਤਨਾਮ ਸਿੰਘ ਲਹਿਰਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਅੱਜ ਪੰਜਾਬ ਸਰਕਾਰ ਦੇ ਰਵੱਈਏ ਤੋਂ ਬੇਹੱਦ ਨਿਰਾਸ਼ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਲਈ ਕਈ ਵਾਰ ਬੇਨਤੀਆਂ ਕੀਤੀਆਂ ਗਈਆਂ, ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਸਮਾਂ ਦੇਣਾ ਤਾਂ ਦੂਰ, ਗੱਲ ਸੁਣਨਾ ਵੀ ਮੁਨਾਸਿਬ ਨਹੀਂ ਸਮਝਿਆ ਗਿਆ।
ਉਨ੍ਹਾਂ ਸਵਾਲ ਕੀਤਾ ਕਿ ਕੀ ਸਾਡੇ ਬਜ਼ੁਰਗਾਂ ਨੇ ਅਜਿਹੇ ਦਿਨ ਦੇਖਣ ਲਈ ਕੁਰਬਾਨੀਆਂ ਦਿੱਤੀਆਂ ਸਨ, ਜਿੱਥੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਸਨਮਾਨ ਦੀ ਬਜਾਏ ਨਜ਼ਰਅੰਦਾਜ਼ ਕੀਤਾ ਜਾਵੇਗਾ? ਅਹਿਮ ਮੰਗਾਂ ਅਤੇ ਸਨਮਾਨ ਦੀ ਗੁਹਾਰ ਸਤਨਾਮ ਸਿੰਘ ਲਹਿਰਾ ਨੇ ਸਪੱਸ਼ਟ ਕੀਤਾ ਕਿ ਆਜ਼ਾਦੀ ਘੁਲਾਟੀਏ ਪਰਿਵਾਰ ਕੋਈ ਦਾਨ ਨਹੀਂ ਮੰਗ ਰਹੇ, ਸਗੋਂ ਉਸ ਆਦਰ ਦੇ ਹੱਕਦਾਰ ਹਨ ਜੋ ਇਤਿਹਾਸਕ ਤੌਰ ’ਤੇ ਉਨ੍ਹਾਂ ਦਾ ਬਣਦਾ ਹੈ। ਉਨ੍ਹਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਹਰ ਮਹੀਨੇ ਪ੍ਰਸ਼ਾਸਨਿਕ ਪੱਧਰ ’ਤੇ ਫਰੀਡਮ ਫਾਈਟਰ ਪਰਿਵਾਰਾਂ ਲਈ ਵਿਸ਼ੇਸ਼ ਮੀਟਿੰਗ ਦਾ ਸਮਾਂ ਤੈਅ ਕਰਨਾ। ਆਉਣ ਵਾਲੀਆਂ ਨਸਲਾਂ ਨੂੰ ਪ੍ਰੇਰਿਤ ਕਰਨ ਲਈ ਸਕੂਲਾਂ ਤੇ ਕਾਲਜਾਂ ਦੇ ਨਾਂ ਦੇਸ਼ ਭਗਤਾਂ ਦੇ ਨਾਂ ’ਤੇ ਰੱਖਣਾ। ਸਰਕਾਰੀ ਦਫ਼ਤਰਾਂ ਵਿਚ ਇਨ੍ਹਾਂ ਪਰਿਵਾਰਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣੇ। ਫਿਰੋਜ਼ਪੁਰ ਵਿਖੇ ‘ਦੇਸ਼ ਭਗਤ ਭਵਨ’ ਦੀ ਉਸਾਰੀ ਲਈ ਜਗ੍ਹਾ ਅਲਾਟ ਕਰਨਾ ਅਤੇ ਜਦੋਂ ਤੱਕ ਭਵਨ ਨਹੀਂ ਬਣਦਾ, ਡੀਸੀ.ਕੰਪਲੈਕਸ ਵਿੱਚ ਇੱਕ ਕਮਰਾ ਮੁਹੱਈਆ ਕਰਵਾਉਣਾ।
ਰਾਸ਼ਟਰੀ ਸਮਾਗਮਾਂ 26 ਜਨਵਰੀ ਤੇ 15 ਅਗਸਤ ਦੌਰਾਨ ਯੋਗ ਬੈਠਣ ਦੀ ਵਿਵਸਥਾ ਅਤੇ ਟੋਲ ਪਲਾਜ਼ਿਆਂ ’ਤੇ ਛੋਟ ਸਬੰਧੀ ਲਿਖਤੀ ਹੁਕਮ। ਅਧਿਕਾਰੀਆਂ ਨੂੰ ਮੰਗ ਪੱਤਰ ਅਤੇ ਅਲਟੀਮੇਟਮ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਕੁਮਾਰ ਜਿੰਦਲ ਦੀ ਅਗਵਾਈ ਹੇਠ ਇਕ ਵਫ਼ਦ ਨੇ ਜੀਏ ਰਾਜਵੀਰ ਸਿੰਘ ਭੰਗੂ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਮੰਗ ਪੱਤਰ ਸੌਂਪਿਆ। ਆਗੂਆਂ ਨੇ ਕਿਹਾ ਕਿ ਜੇਕਰ 15 ਜਨਵਰੀ ਤੱਕ ਕੋਈ ਠੋਸ ਕਾਰਵਾਈ ਨਾ ਹੋਈ, ਤਾਂ ਉਹ ਤਿੱਖਾ ਰੋਸ ਪ੍ਰਦਰਸ਼ਨ ਸ਼ੁਰੂ ਕਰਨਗੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਸੰਧੂ, ਪ੍ਰਿਤਪਾਲ ਸਿੰਘ ਭੰਗੂ, ਸੂਰਜ ਬੇਦੀ, ਗੁਰਨਾਮ ਸਿੰਘ, ਕੁਲਦੀਪ ਸਿੰਘ ਸਦਰਵਾਲਾ, ਕਾਰਜ ਸਿੰਘ ਆਸਲ, ਲਖਵੀਰ ਸਿੰਘ ਸ਼ਾਹ ਵਾਲਾ, ਸੁਖਦੇਵ ਸਿੰਘ ਸੰਧੂ ਅਤੇ ਦਰਸ਼ਨ ਸਿੰਘ ਸੋਢੇ ਵਾਲਾ ਸਮੇਤ ਹੋਰ ਕਈ ਮੈਂਬਰ ਹਾਜ਼ਰ ਸਨ।