‘ਫਾਗੋਤਸਵ-ਸੰਸਕ੍ਰਿਤ ਯਾਤਰਾ’ ਨੇ ਦਿਖਾਈ ਦੇਸ਼ ਦੀ ਸਾਂਝੀ ਸੱਭਿਆਚਾਰਕ ਝਲਕ
‘‘ਫਾਗੋਤਸਵ-ਸੰਸਕ੍ਰਿਤ ਯਾਤਰਾ’’ ਨੇ ਫ਼ਿਰੋਜ਼ਪੁਰ ਵਿਚ ਦਿਖਾਈ ਦੇਸ਼ ਦੀ ਸਾਂਝੀ ਸੱਭਿਆਚਾਰਕ ਝਲਕ
Publish Date: Mon, 09 Mar 2026 05:04 PM (IST)
Updated Date: Mon, 09 Mar 2026 05:06 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਭਾਰਤ ਦੀ ਵਿਭਿੰਨਤਾ ਭਰੀ ਸੱਭਿਆਚਾਰਕ ਵਿਰਾਸਤ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਵੱਖ-ਵੱਖ ਰਾਜਾਂ ਵਿਚਕਾਰ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ (ਸੱਭਿਆਚਾਰ ਮੰਤਰਾਲਾ, ਭਾਰਤ ਸਰਕਾਰ) ਵਲੋਂ ਚਲਾਈ ਜਾ ਰਹੀ ‘‘ਫਾਗੋਤਸਵ-ਸੰਸਕ੍ਰਿਤ ਯਾਤਰਾ” ਬੀਤੇ ਕੱਲ੍ਹ ਫ਼ਿਰੋਜ਼ਪੁਰ ਪਹੁੰਚੀ। ਮਹਿਲਾ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਮੇਲਾ ਗਰਾਊਂਡ ਨੇੜੇ ਸ਼ੀਤਲਾ ਮਾਤਾ ਮੰਦਰ, ਫ਼ਿਰੋਜ਼ਪੁਰ ਛਾਉਣੀ ਵਿਖੇ ਲੱਗੇ ‘ਸਖ਼ੀ ਸ਼ਕਤੀ ਮੇਲੇ’ ਦੇ ਆਖ਼ਰੀ ਦਿਨ ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰਾਂ ਨੇ ਆਪਣੀਆਂ ਮਨਮੋਹਕ ਪ੍ਰਸਤੁਤੀਆਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕ੍ਰਿਸ਼ਨਾ ਪਾਲ ਰਾਜਪੂਤ ਨੇ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਦੇ ਅਧਿਕਾਰੀਆਂ ਅਤੇ ਕਲਾਕਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਸੱਭਿਆਚਾਰਕ ਯਾਤਰਾਵਾਂ ਦੇਸ਼ ਦੀ ਵਿਭਿੰਨਤਾ ਵਿਚ ਏਕਤਾ ਦੇ ਸੰਦੇਸ਼ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਲੋਕਾਂ ਨੂੰ ਭਾਰਤ ਦੀ ਧਨਾਢ ਸੱਭਿਆਚਾਰਕ ਪ੍ਰੰਪਰਾਵਾਂ ਨਾਲ ਜੋੜਦੀਆਂ ਹਨ। ਸਮਾਗਮ ਦੇ ਅੰਤ ਵਿਚ ਪੰਜਾਬੀ ਲੋਕ ਗਾਇਕਾ ਅਮਨ ਰੋਜ਼ੀ ਨੇ ਆਪਣੀ ਸੁਰੀਲੀ ਤੇ ਦਮਦਾਰ ਆਵਾਜ਼ ਨਾਲ ਲੋਕ ਗੀਤ ਪੇਸ਼ ਕਰਕੇ ਦਰਸ਼ਕਾਂ ਨੂੰ ਖੂਬ ਰਿਝਾਇਆ। ਉਨ੍ਹਾਂ ਵਲੋਂ ਗਾਏ ਗਏ ਰਵਾਇਤੀ ਪੰਜਾਬੀ ਲੋਕ ਗੀਤਾਂ ਨੇ ਮੌਜ਼ੂਦ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ ਅਤੇ ਸਮਾਗਮ ਵਿਚ ਪੰਜਾਬੀ ਸੱਭਿਆਚਾਰ ਦੀ ਖੂਬਸੂਰਤ ਝਲਕ ਪੇਸ਼ ਕੀਤੀ। ਇਹ ਸੱਭਿਆਚਾਰਕ ਯਾਤਰਾ ਨਾ ਸਿਰਫ਼ ਵੱਖ-ਵੱਖ ਰਾਜਾਂ ਦੀਆਂ ਲੋਕ ਪਰੰਪਰਾਵਾਂ ਨੂੰ ਉਭਾਰ ਰਹੀ ਹੈ, ਸਗੋਂ ਦੇਸ਼ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਮਜ਼ਬੂਤ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ। ਸਮੁੱਚੇ ਪ੍ਰੋਗਰਾਮ ਦੌਰਾਨ ਸੰਜੀਵ ਸ਼ਾਦ ਤੇ ਰਵੀਇੰਦਰ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਇਸ ਮੌਕੇ ਦੀਪ ਸਿੰਘ ਗਿੱਲ ਜਨਰਲ ਮੈਨੇਜਰ ਉਦਯੋਗ ਵਿਭਾਗ, ਸੁਖਰਾਜ ਸਿੰਘ ਵਿਰਕ ਐੱਫਐੱਮ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ, ਐੱਲਡੀਐੱਮ ਗੀਤਾ ਮਹਿਤਾ, ਡਾ: ਅਭਿਸ਼ੇਕ ਅਰੋੜਾ, ਅਮਰਿੰਦਰ ਸਿੰਘ ਰਾਣਾ, ਗੁਰਨਾਮ ਸਿੰਘ ਸਿੱਧੂ, ਹਰਿੰਦਰ ਭੁੱਲਰ, ਹਰੀਸ਼ ਗੋਇਲ, ਅਸ਼ੋਕ ਗੁਪਤਾ, ਸਰਬਜੀਤ ਸਿੰਘ ਭਾਵੜਾ ਆਦਿ ਵੱਡੀ ਗਿਣਤੀ ਵਿਚ ਕਲਾ ਪ੍ਰੇਮੀ ਤੇ ਸ਼ਹਿਰ ਵਾਸੀ ਹਾਜ਼ਰ ਸਨ।