ਹਰੇਕ ਵਿਅਕਤੀ ਦਾ ਬਣੇਗਾ ਸਿਹਤ ਬੀਮਾ ਕਾਰਡ : ਮਲਕੀਤ ਸਿੰਘ ਥਿੰਦ
ਹਰੇਕ ਵਿਅਕਤੀ ਦਾ ਬਣੇਗਾ ਸਿਹਤ ਬੀਮਾ ਕਾਰਡ, ਕੋਈ ਵੀ ਇਲਾਜ ਤੋਂ ਵਾਂਝਾ ਨਹੀਂ ਰਹੇਗਾ : ਮਲਕੀਤ ਸਿੰਘ ਥਿੰਦ
Publish Date: Tue, 10 Feb 2026 04:34 PM (IST)
Updated Date: Tue, 10 Feb 2026 04:35 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਚੇਅਰਮੈਨ ਪੰਜਾਬ ਰਾਜ ਬੈਕਵਰਡ ਕਲਾਸਿਜ ਕਮਿਸ਼ਨ ਮਲਕੀਤ ਸਿੰਘ ਥਿੰਦ ਵੱਲੋਂ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਪਿੰਡ ਗੋਲੂ ਕਾ ਮੋੜ ਅਤੇ ਮੰਡੀ ਪੰਜੇ ਕੇ ਉਤਾੜ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਚੱਲ ਰਹੀ 10 ਲੱਖ ਰੁਪਏ ਤੱਕ ਦੀ ਮੁਫ਼ਤ ਸਿਹਤ ਬੀਮਾ ਯੋਜਨਾ ਦੀ ਰਜਿਸਟਰੇਸ਼ਨ ਪ੍ਰਕਿਰਿਆ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਸਟੇਸ਼ਨਾਂ ’ਤੇ ਚੱਲ ਰਹੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਹਾਜ਼ਰ ਲੋਕਾਂ ਨਾਲ ਗੱਲਬਾਤ ਕਰਦਿਆਂ ਮਲਕੀਤ ਸਿੰਘ ਥਿੰਦ ਨੇ ਕਿਹਾ ਕਿ ਸਰਕਾਰ ਦਾ ਮਕਸਦ ਹੈ ਕਿ ਹਰ ਵਿਅਕਤੀ ਦਾ ਸਿਹਤ ਬੀਮਾ ਕਾਰਡ ਬਣਾਇਆ ਜਾਵੇ ਤਾਂ ਜੋ ਉਹ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿਚ ਮੁਫ਼ਤ ਇਲਾਜ ਦੀ ਸਹੂਲਤ ਪ੍ਰਾਪਤ ਕਰ ਸਕੇ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ ਹਰ ਨਾਗਰਿਕ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜ਼ੂਦਾ ਸਰਕਾਰ ਸਿਹਤ ਸੇਵਾਵਾਂ ਨੂੰ ਸਭ ਤੋਂ ਵੱਡੀ ਤਰਜੀਹ ਦੇ ਰਹੀ ਹੈ ਅਤੇ ਲੋਕਾਂ ਨੂੰ ਘਰ ਦੇ ਨੇੜੇ ਉੱਚ ਮਿਆਰੀ ਇਲਾਜ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ। ਪੰਜਾਬ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿਚ ਵੱਡੇ ਪੱਧਰ ‘ਤੇ ਮੋਬਾਇਲ ਕੈਂਪ ਲਗਾ ਕੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਾਏ ਜਾ ਰਹੇ ਹਨ। ਥਿੰਦ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜ਼ਰੂਰੀ ਦਸਤਾਵੇਜ਼ਾਂ ਸਮੇਤ ਨਜ਼ਦੀਕੀ ਕੈਂਪਾਂ ਵਿਚ ਪਹੁੰਚ ਕੇ ਸਮੇਂ ਸਿਰ ਰਜਿਸਟਰੇਸ਼ਨ ਕਰਵਾਉਣ ਅਤੇ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਦਾ ਕੋਈ ਵੀ ਨਾਗਰਿਕ ਇਲਾਜ ਤੋਂ ਵਾਂਝਾ ਨਾ ਰਹੇ। ਇਸ ਮੌਕੇ ਸੁਖਵਿੰਦਰ ਸਿੰਘ ਸਰਪੰਚ, ਨੰਬਰਦਾਰ ਜਗਦੀਸ਼ ਥਿੰਦ, ਵਿਜੇ ਥਿੰਦ ਪ੍ਰਧਾਨ ਸ੍ਰੀ ਭਜਨਗੜ੍ਹ ਬਲੱਡ ਡੋਨਰ ਐਂਡ ਵੈਲਫੇਅਰ ਸੋਸਾਇਟੀ, ਬਲਦੇਵ ਰਾਜ ਥਿੰਦ ਪ੍ਰਧਾਨ ਰੋਟਰੀ ਕਲੱਬ, ਪਵਨ ਕੁਮਾਰ ਪੰਚ ਅਤੇ ਹੋਰ ਪਤਵੰਤਿਆਂ ਨੇ ਚੇਅਰਮੈਨ ਮਲਕੀਤ ਸਿੰਘ ਥਿੰਦ ਦਾ ਕੈਂਪ ਵਿਚ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ।