ਅੱਜ ਵੀ ਖ਼ਰੀਦ ਏਜੰਸੀਆਂ ਦਾਣਾ ਮੰਡੀਆਂ ’ਚ ਨਹੀਂ ਉਤਰੀਆਂ
ਅੱਜ ਵੀ ਖਰੀਦ ਏਜੰਸੀਆਂ ਦਾਣਾ ਮੰਡੀਆਂ ਵਿਚ ਨਹੀਂ ਉਤਰੀਆਂ
Publish Date: Tue, 14 Apr 2026 03:45 PM (IST)
Updated Date: Wed, 15 Apr 2026 04:00 AM (IST)

-ਜਦਕਿ ਪੰਜਾਬ ਸਰਕਾਰ ਕਣਕ ਦੀ ਖਰੀਦ ਦੇ ਮਾਮਲੇ ’ਤੇ ਚੁੱਪ : ਗੁਰਮੀਤ ਸਿੰਘ ਮਹਿਮਾ ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਫਿਰੋਜ਼ਪੁਰ ਛਾਉਣੀ, ਹਰੀਹਰ, ਝੋਕ ਮੋੜੇ, ਮਹਿਮਾ, ਭਾਵੜਾ, ਖਾਈ ਫੇਮੇ ਸਮੇਤ ਕਈ ਪਿੰਡਾਂ ਦੀਆਂ ਮੰਡੀਆਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਤਿੰਨ ਵਜੇ ਤੱਕ ਕਿਸੇ ਵੀ ਮੰਡੀ ਵਿਚ ਖਰੀਦ ਸ਼ੁਰੂ ਨਹੀਂ ਹੋਈ। ਜਦੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਨਾਲ ਮੀਟਿੰਗ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੱਲ੍ਹ ਖਰੀਦ ਏਜੰਸੀਆਂ ਵੱਲੋਂ ਮੰਡੀਆਂ ’ਚੋਂ ਸੈਂਪਲ ਇਕੱਠੇ ਕਰਕੇ ਕੇਂਦਰ ਸਰਕਾਰ ਨੂੰ ਭੇਜੇ ਗਏ ਹਨ। ਟੈਸਟ ਦੌਰਾਨ ਪਤਾ ਲੱਗਿਆ ਹੈ ਕਿ ਲਗਭਗ 14 ਫੀਸਦੀ ਦਾਣਾ ਡਿਸਕਲਰ ਜਾਂ ਪਿਚਕਿਆ ਹੋਇਆ ਆ ਰਿਹਾ ਹੈ, ਜਿਸ ਲਈ ਖਰੀਦ ਏਜੰਸੀਆਂ ਕੇਂਦਰ ਸਰਕਾਰ ਤੋਂ ਛੂਟ ਮੰਗ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਹਰਿਆਣਾ ਤੇ ਰਾਜਸਥਾਨ ਵਿਚ ਇਸ ਤਰ੍ਹਾਂ ਦੀ ਛੂਟ ਦਿੱਤੀ ਜਾ ਚੁੱਕੀ ਹੈ ਤੇ ਪੰਜਾਬ ਦੀਆਂ ਏਜੰਸੀਆਂ ਵੀ ਉਹੀ ਛੂਟ ਮੰਗ ਰਹੀਆਂ ਹਨ। ਹੁਣ ਇਹ ਮਾਮਲਾ ਕੇਂਦਰ ਸਰਕਾਰ ਅਤੇ ਐੱਫਸੀਆਈ ਕੋਲ ਹੈ ਕਿ ਉਹ ਛੂਟ ਦੇ ਕੇ ਚਿੱਠੀ ਅੱਜ ਸ਼ਾਮ ਤੱਕ ਭੇਜਦੇ ਹਨ, ਕੱਲ੍ਹ ਤੱਕ ਜਾਂ ਫਿਰ ਛੂਟ ਨਹੀਂ ਦਿੰਦੇ। ਇਸ ਦੇ ਆਧਾਰ ’ਤੇ ਹੀ ਅੱਗੇ ਖਰੀਦ ਬਾਰੇ ਫੈਸਲਾ ਹੋਵੇਗਾ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ 1 ਅਪ੍ਰੈਲ ਤੋਂ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ, ਜਦਕਿ ਮੰਡੀਆਂ ਵਿਚ ਕਣਕ ਆਉਣ ਨੂੰ ਵੀ ਲਗਭਗ 10 ਦਿਨ ਹੋ ਚੁੱਕੇ ਹਨ। ਕਿਸਾਨ ਆਪਣੀ ਕਣਕ ਲੈ ਕੇ ਮੰਡੀਆਂ ਵਿੱਚ ਬੈਠੇ ਹੋਏ ਹਨ। 13 ਅਪ੍ਰੈਲ ਨੂੰ ਲਗਭਗ 13 ਦਿਨ ਬਾਅਦ, ਏਜੰਸੀਆਂ ਮੰਡੀਆਂ ਵਿਚ ਨਹੀਂ ਆਈਆਂ ਅਤੇ ਸਿਰਫ ਸੈਂਪਲ ਲੈ ਕੇ ਵਾਪਸ ਚਲੀਆਂ ਗਈਆਂ। ਇਸ ਨਾਲ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦੀਆਂ ਮੰਡੀਆਂ ਵਿਚ ਖਰੀਦ ਪ੍ਰਕਿਰਿਆ ਸ਼ੁਰੂ ਨਹੀਂ ਹੋਈ। ਕਿਉਂਕਿ ਪੰਜਾਬ ਦੀਆਂ ਖਰੀਦ ਏਜੰਸੀਆਂ ਪੰਜਾਬ ਸਰਕਾਰ ਦੇ ਅਧੀਨ ਹਨ, ਇਸ ਲਈ ਇਹ ਦੇਰੀ ਸਰਕਾਰ ਦੀ ਢਿੱਲ ਦਾ ਨਤੀਜਾ ਹੈ। ਪਹਿਲਾਂ ਤੈਅ ਕੀਤੇ ਮਾਪਦੰਡਾਂ ਅਨੁਸਾਰ ਖਰੀਦ ਹੋਣੀ ਚਾਹੀਦੀ ਸੀ, ਪਰ ਹੁਣ ਵੀ ਏਜੰਸੀਆਂ ਕੇਂਦਰ ਸਰਕਾਰ ਨੂੰ ਸੈਂਪਲ ਭੇਜ ਰਹੀਆਂ ਹਨ। ਜੇਕਰ ਕੱਲ੍ਹ ਤੱਕ ਐੱਫਸੀਆਈ ਵੱਲੋਂ ਕੋਈ ਚਿੱਠੀ ਨਹੀਂ ਆਉਂਦੀ ਅਤੇ ਖਰੀਦ ਸ਼ੁਰੂ ਨਹੀਂ ਹੁੰਦੀ, ਤਾਂ ਆਉਣ ਵਾਲੇ ਸੰਘਰਸ਼ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।