ਪੰਜ ਡਿਗਰੀ ਦੀ ਕੜਾਕੇ ਦੀ ਠੰਡ ਵੀ ਕਿਸਾਨਾਂ ਦੇ ਹੌਂਸਲੇ ਨਾ ਤੋੜ ਸਕੀ
ਪੰਜ ਡਿਗਰੀ ਦੀ ਕੜਾਕੇ ਦੀ ਠੰਡ ਵੀ ਕਿਸਾਨਾਂ ਦੇ ਹੌਂਸਲੇ ਨਾ ਤੋੜ ਸਕੀ
Publish Date: Sat, 03 Jan 2026 05:39 PM (IST)
Updated Date: Sat, 03 Jan 2026 05:41 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੱਲਾਂਵਾਲਾ : ਹੜ੍ਹ ਪੀੜ੍ਹਤ ਕਿਸਾਨ ਸੰਘਰਸ਼ ਕਮੇਟੀ ਅਤੇ ਹੋਰ ਸੰਘਰਸ਼ੀ ਜਥੇਬੰਦੀਆਂ ਵੱਲੋਂ ਹਰੀਕੇ ਹੈੱਡਵਰਕਸ ਵਿਖੇ ਲਗਾਇਆ ਗਿਆ ਮੋਰਚਾ ਅੱਜ ਤੀਜੇ ਦਿਨ ਵੀ ਪੂਰੀ ਤਾਕਤ ਨਾਲ ਜਾਰੀ ਰਿਹਾ। ਕੜਾਕੇ ਦੀ ਠੰਡ ਅਤੇ ਸੀਤ ਲਹਿਰ ਦੇ ਬਾਵਜੂਦ, ਜਿੱਥੇ ਤਾਪਮਾਨ ਪੰਜ ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ, ਉੱਥੇ ਹੜਾਂ ਨਾਲ ਤਬਾਹ ਹੋਏ ਕਿਸਾਨ ਆਪਣੇ ਹੱਕ ਦੇ ਮੁਆਵਜ਼ੇ ਲਈ ਡਟੇ ਰਹੇ। ਕਿਸਾਨਾਂ ਦਾ ਦੋਸ਼ ਹੈ ਕਿ ਸਰਕਾਰ ਵੱਲੋਂ ਹੜ੍ਹਾਂ ਦੌਰਾਨ ਹੋਏ ਭਾਰੀ ਨੁਕਸਾਨ ਲਈ ਐਲਾਨਿਆ ਗਿਆ ਮੁਆਵਜ਼ਾ ਅਜੇ ਤੱਕ ਜ਼ਮੀਨੀ ਪੱਧਰ ’ਤੇ ਨਹੀਂ ਪਹੁੰਚਿਆ। ਸਰਕਾਰ ਦੀ ਲਾਪਰਵਾਹੀ ਅਤੇ ਬੇਰੁਖੀ ਭਰੇ ਰਵੱਈਏ ਕਾਰਨ ਕਿਸਾਨ ਇਸ ਕੜਾਕੇ ਦੀ ਸਰਦੀ ਵਿੱਚ ਧਰਨੇ ’ਤੇ ਬੈਠਣ ਲਈ ਮਜ਼ਬੂਰ ਹਨ। ਪ੍ਰਸ਼ਾਸਨ ਵੱਲੋਂ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਚੰਡੀਗੜ੍ਹ ਵਿਖੇ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਕਰਵਾਈ ਜਾਵੇਗੀ, ਪਰ ਕਿਸਾਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਹੁਣ ਸਿਰਫ਼ ਭਰੋਸਿਆਂ ਨਾਲ ਗੱਲ ਨਹੀਂ ਬਣੇਗੀ। ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਸਰਕਾਰ ਨਾਲ ਮੀਟਿੰਗ ਹੋਣ ਦੇ ਬਾਵਜੂਦ ਮੋਰਚਾ ਲਗਾਤਾਰ ਜਾਰੀ ਰਹੇਗਾ। ਸੰਘਰਸ਼ ਦੇ ਤਹਿਤ ਸਟੇਜਾਂ ਲਗਾਤਾਰ ਚੱਲਦੀਆਂ ਰਹਿਣਗੀਆਂ, 70 ਕਿਸਾਨ ਹਰੀਕੇ ਹੈੱਡਵਰਕਸ ’ਤੇ ਡਟੇ ਰਹਿਣਗੇ, ਜਦਕਿ 31 ਕਿਸਾਨ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਜਾਰੀ ਰੱਖਣਗੇ। ਕਿਸਾਨਾਂ ਨੇ ਦੋ ਟੁੱਕ ਕਿਹਾ ਕਿ ਜਦ ਤੱਕ ਹੜ੍ਹ ਪੀੜਤਾਂ ਨੂੰ ਪੂਰਾ ਅਤੇ ਨਿਆਂਯੋਗ ਮੁਆਵਜ਼ਾ ਨਹੀਂ ਮਿਲਦਾ, ਉਦੋਂ ਤੱਕ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹੜ ਪੀੜਤ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ, ਮੇਜਰ ਸਿੰਘ ਭਿੱਖੀਵਿੰਡ ਅਤੇ ਸੋਹਣ ਸਿੰਘ ਸਭਰਾਵਾਂ ਸਮੇਤ ਕਈ ਹੋਰ ਕਿਸਾਨ ਆਗੂ ਸ਼ਾਮਿਲ ਹੋਏ। ਆਗੂਆਂ ਨੇ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਕਿਸਾਨਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਇਹ ਅੰਦੋਲਨ ਸੂਬਾ ਪੱਧਰ ’ਤੇ ਫੈਲਾਇਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।