‘ਦਿ ਗ੍ਰੀਨ ਕਾਰਨੀਵਲ’ ਫਿਰੋਜ਼ਪੁਰ ਵਿਚ ਧੂਮਧਾਮ ਨਾਲ ਸੰਪੰਨ
ਵਾਤਾਵਰਣ ਸਿੱਖਿਆ ਪ੍ਰੋਗਰਾਮ ‘ਦ ਗ੍ਰੀਨ ਕਾਰਨੀਵਲ’ ਫਿਰੋਜ਼ਪੁਰ ਵਿਚ ਧੂਮਧਾਮ ਨਾਲ ਸੰਪੰਨ
Publish Date: Thu, 16 Apr 2026 05:02 PM (IST)
Updated Date: Fri, 17 Apr 2026 04:06 AM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਵਾਤਾਵਰਣ ਸਿੱਖਿਆ ਪ੍ਰੋਗਰਾਮ ‘ਦ ਗ੍ਰੀਨ ਕਾਰਨੀਵਲ’ ਦਾ ਆਯੋਜਨ ਮਯੰਕ ਫਾਊਂਡੇਸ਼ਨ ਵੱਲੋਂ ਗਾਂਧੀ ਗਾਰਡਨ ਵਿਚ ਬਹੁਤ ਹੀ ਉਤਸ਼ਾਹ ਅਤੇ ਸਫਲਤਾ ਨਾਲ ਸੰਪੰਨ ਹੋਇਆ। ਇਸ ਪ੍ਰੋਗਰਾਮ ਵਿਚ ਇਲਾਕੇ ਭਰ ਤੋਂ ਆਏ 2000 ਤੋਂ ਵੱਧ ਬੱਚਿਆਂ ਅਤੇ ਨੌਜਵਾਨਾਂ ਨੇ ਬੜੇ ਜੋਸ਼ ਨਾਲ ਭਾਗ ਲਿਆ। ‘ਦ ਗ੍ਰੀਨ ਕਾਰਨੀਵਾਲ’ ਵਿਚ ਇੰਟਰਐਕਟਿਵ ਵਰਕਸ਼ਾਪਾਂ, ਮਾਸਟਰ ਕੁਇਜ਼, ਨੇਚਰ ਫੋਟੋਗ੍ਰਾਫੀ ਪ੍ਰਦਰਸ਼ਨੀ ਤੇ ਮੁਕਾਬਲਾ, ਈਕੋ-ਫੈਸ਼ਨ ਸ਼ੋਅ, ਫਲਾਵਰ ਸ਼ੋ ਅਤੇ ਪੇਂਟਿੰਗ ਮੁਕਾਬਲਾ ਵਰਗੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਦਾ ਮਕਸਦ ਨੌਜਵਾਨ ਪੀੜ੍ਹੀ ਵਿਚ ਵਾਤਾਵਰਣ ਪ੍ਰਤੀ ਜਾਗਰੂਕਤਾ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨਾ ਸੀ। ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ 72,000 ਦੀ ਇਨਾਮੀ ਰਕਮ, ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ।
ਪ੍ਰੋਜੈਕਟ ਚੇਅਰਮੈਨ ਕਮਲ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਊਂਡੇਸ਼ਨ ਨੂੰ ਇਹ ਪ੍ਰੋਜੈਕਟ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪਰਿਸ਼ਦ ਤੋਂ ਪ੍ਰਾਪਤ ਹੋਇਆ ਹੈ, ਜਿਸ ਨੂੰ ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਵੱਲੋਂ ਵਿੱਤੀ ਸਹਾਇਤਾ ਦਿੱਤੀ ਗਈ। ਪ੍ਰੋਗਰਾਮ ਦੇ ਸਮਾਪਨ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਡਾ. ਸੁਰੇਸ਼ ਸ਼ਰਮਾ ਵਾਈਸ ਚਾਂਸਲਰ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਵਿਸ਼ੇਸ਼ ਮਹਿਮਾਨਾਂ ਵਿਚ ਉਦਯੋਗਪਤੀ ਸਮੀਰ ਮਿੱਤਲ, ਸਿੱਖਿਆ ਸ਼ਾਸਤਰੀ ਡਾ. ਰਾਗਿਨੀ ਗੁਪਤਾ, ਡਾ. ਸ਼ੀਲ ਸੇਠੀ, ਡਾ. ਅਸ਼ਵਨੀ ਕਾਲੀਆ, ਡਾ. ਜਯੋਤੀ ਕਾਲੀਆ, ਸੁਬੋਧ ਕੱਕੜ, ਡਾ. ਆਕਾਸ਼ ਅਗਰਵਾਲ ਸਮੇਤ ਇਲਾਕੇ ਦੀਆਂ ਹੋਰ ਪ੍ਰਮੁੱਖ ਹਸਤੀਆਂ ਮੌਜ਼ੂਦ ਰਹੀਆਂ। ਮੁੱਖ ਮਹਿਮਾਨ ਡਾ. ਸੁਰੇਸ਼ ਸ਼ਰਮਾ ਨੇ ਮਯੰਕ ਫਾਊਂਡੇਸ਼ਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੰਚ ਸਸਟੇਨੇਬਲ ਡਿਵੈਲਪਮੈਂਟ ਗੋਲਜ਼ ਨੂੰ ਉਤਸ਼ਾਹਿਤ ਕਰਨ ਅਤੇ ਇਸ ਸਰਹੱਦੀ ਜ਼ਿਲ੍ਹੇ ਵਿਚ ਵਾਤਾਵਰਣ ਸੰਰੱਖਣ ਲਈ ਜਾਗਰੂਕਤਾ ਫੈਲਾਉਣ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਪ੍ਰੋਗਰਾਮ ਦੇ ਆਖਰੀ ਦਿਨ ਦਾ ਮੁੱਖ ਆਕਰਸ਼ਣ ਈਕੋ-ਫੈਸ਼ਨ ਸ਼ੋ ਰਿਹਾ, ਜਿਸ ਵਿਚ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਕਚਰੇ ਅਤੇ ਕੁਦਰਤੀ ਸਮੱਗਰੀ ਨਾਲ ਤਿਆਰ ਕੀਤੇ ਵਿਲੱਖਣ ਪਹਿਰਾਵੇ ਪ੍ਰਦਰਸ਼ਿਤ ਕਰਦੇ ਹੋਏ ਪਰਿਆਵਰਣ ਸੰਭਾਲ ਦਾ ਸੁਨੇਹਾ ਦਿੱਤਾ। ‘ਦ ਗ੍ਰੀਨ ਕਾਰਨੀਵਲ’ ਨਾ ਸਿਰਫ਼ ਰਚਨਾਤਮਕਤਾ ਦਾ ਜਸ਼ਨ ਸੀ, ਸਗੋਂ ਇਸ ਨੇ ਭਾਗੀਦਾਰਾਂ ਵਿਚ ਵਾਤਾਵਰਣ ਪ੍ਰਤੀ ਮਜ਼ਬੂਤ ਜਾਗਰੂਕਤਾ ਵੀ ਪੈਦਾ ਕੀਤੀ, ਜੋ ਫਿਰੋਜ਼ਪੁਰ ਦੇ ਹਰੇ-ਭਰੇ ਭਵਿੱਖ ਵੱਲ ਇਕ ਮਹੱਤਵਪੂਰਨ ਕਦਮ ਹੈ।