ਫਿਰੋਜ਼ਪੁਰ ਕੈਂਟ ਮਸਜਿਦ ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ
ਫਿਰੋਜ਼ਪੁਰ ਕੈਂਟ ਮਸਜਿਦ ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ
Publish Date: Sat, 21 Mar 2026 05:41 PM (IST)
Updated Date: Sat, 21 Mar 2026 05:43 PM (IST)
ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਆਰਮੀ ਖੇਤਰ ਕੈਂਟ ਵਿਚ ਸਥਿਤ ਮਸਜਿਦ ਕੋਠੀ ਡੀਆਈ ਸਾਹਿਬ ਰੇਲਵੇ ਸਟੇਸ਼ਨ ਦੇ ਨਜ਼ਦੀਕ ਵਿਖੇ ਈਦ-ਉਲ-ਫਿਤਰ ਦਾ ਪਵਿੱਤਰ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਅੱਲ੍ਹਾ ਦੀ ਇਬਾਦਤ ਕੀਤੀ ਅਤੇ ਨਮਾਜ਼ ਅਦਾ ਕੀਤੀ। ਫਿਰੋਜ਼ਪੁਰ ਸਟੇਸ਼ਨ ਅਤੇ ਆਰਮੀ ਏਰੀਏ ਦੇ ਨਜ਼ਦੀਕ ਹੋਣ ਕਾਰਨ ਇੱਥੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਦੇਖਣ ਨੂੰ ਮਿਲੇ। ਨਮਾਜ਼ ਤੋਂ ਬਾਅਦ ਲੋਕਾਂ ਨੇ ਇੱਕ-ਦੂਜੇ ਦੇ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਮਸਜਿਦ ਦੇ ਪ੍ਰਬੰਧਕਾਂ ਅਤੇ ਸਥਾਨਕ ਲੋਕਾਂ ਨੇ ਕਿਹਾ ਕਿ ਈਦ ਦਾ ਤਿਉਹਾਰ ਸਾਨੂੰ ਆਪਸੀ ਪਿਆਰ, ਮਿਲਵਰਤਣ ਅਤੇ ਮਾਨਵਤਾ ਦਾ ਰਾਹ ਦਿਖਾਉਂਦਾ ਹੈ। ਪੂਰੇ ਪ੍ਰੋਗਰਾਮ ਦੌਰਾਨ ਅਨੁਸ਼ਾਸਨ ਦਾ ਖਾਸ ਖਿਆਲ ਰੱਖਿਆ ਗਿਆ। ਡੀਆਈ ਸਾਹਿਬ ਦੀ ਕੋਠੀ ਦੀ ਬੈਕ ਸਾਈਡ ਵਾਲੇ ਇਸ ਇਲਾਕੇ ਵਿਚ ਸਵੇਰ ਤੋਂ ਹੀ ਚਹਿਲ-ਪਹਿਲ ਸੀ, ਪਰ ਸਭ ਕੁਝ ਬਹੁਤ ਹੀ ਪੁਰਅਮਨ ਰਿਹਾ। ਨਮਾਜ਼ੀਆਂ ਨੇ ਦੇਸ਼ ਵਿਚ ਅਮਨ, ਚੈਨ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਵਿਸ਼ੇਸ਼ ਦੁਆਵਾਂ ਮੰਗੀਆਂ। ਈਦ ਦੀਆਂ ਰੌਣਕਾਂ ਕਾਰਨ ਬਾਜ਼ਾਰਾਂ ਵਿਚ ਵੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ।