ਸਿੱਖਿਆ ਵਿਭਾਗ ਸੈਕੰਡਰੀ ਫਿਰੋਜ਼ਪੁਰ ਵੱਲੋਂ ‘ਮਿਸ਼ਨ ਪ੍ਰੇਰਨਾ’ ਦੀ ਸ਼ੁਰੂਆਤ
ਸਿੱਖਿਆ ਵਿਭਾਗ ਸੈਕੰਡਰੀ ਫਿਰੋਜ਼ਪੁਰ ਵੱਲੋਂ ‘‘ਮਿਸ਼ਨ ਪ੍ਰੇਰਨਾ’’ ਦੀ ਸ਼ੁਰੂਆਤ
Publish Date: Mon, 16 Feb 2026 03:28 PM (IST)
Updated Date: Mon, 16 Feb 2026 03:30 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪ਼ੁਰ : ਸਿੱਖਿਆ ਵਿਭਾਗ ਸੈਕੰਡਰੀ ਫਿਰੋਜ਼ਪੁਰ ਵੱਲੋਂ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਨੂੰ ਤਨਾਅ ਮੁਕਤ ਰੱਖਣ ਅਤੇ ਸੁਚੱਜੀ ਤਿਆਰੀ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ‘ਮਿਸ਼ਨ ਪ੍ਰੇਰਨਾ’ ਦੀ ਸ਼ੁਰੂਆਤ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਡਾ. ਸਤਿੰਦਰ ਸਿੰਘ (ਨੈਸ਼ਨਲ ਅਵਾਰਡੀ) ਦੀ ਅਗਵਾਈ ਵਿਚ ਕੀਤੀ ਗਈ। ਇਸ ਮੌਕੇ ਸਹਿਯੋਗ ਕਰਨ ਵਾਲੇ ਅਧਿਆਪਕ ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ ਅਤੇ ਸੰਦੀਪ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਮੁਨੀਲਾ ਅਰੋੜਾ ਨੇ ਕਿਹਾ ਕਿ ਪ੍ਰੀਖਿਆ ਵਿਦਿਆਰਥੀ ਜੀਵਨ ਦਾ ਮਹੱਤਵਪੂਰਨ ਅੰਗ ਹੈ ਅਤੇ ਇਹ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ਦਾ ਅਸਲ ਮੁਲਾਂਕਣ ਹੁੰਦੀ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਵਿਦਿਆਰਥੀ ਆਪਣੀ ਮਿਹਨਤ, ਲਗਨ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਉੱਚੀਆਂ ਮੰਜ਼ਿਲਾਂ ਹਾਸਲ ਕਰਨ। ਉਨ੍ਹਾਂ ਨੇ ਡਾ. ਸਤਿੰਦਰ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਮਿਸ਼ਨ ਪ੍ਰੇਰਨਾ ਦੀ ਕੀਤੀ ਪਹਿਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਉਪਰਾਲਾ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਅਤੇ ਪ੍ਰੇਰਨਾਦਾਇਕ ਸਾਬਤ ਹੋਵੇਗਾ। ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਵਿਚ ਵੱਧਦਾ ਤਨਾਅ ਗੰਭੀਰ ਰੂਪ ਧਾਰਨ ਕਰ ਰਿਹਾ ਹੈ, ਅਨੇਕਾਂ ਵਾਰ ਤਨਾਅ ਵਿਚ ਆਇਆ ਵਿਦਿਆਰਥੀ ਗਲਤ ਕਦਮ ਵੀ ਚੁੱਕ ਲੈਂਦਾ ਹੈ, ਇਸ ਸਮੱਸਿਆ ਦੇ ਹੱਲ ਲਈ ਮਿਸ਼ਨ ਪ੍ਰੇਰਨਾ ਤਹਿਤ ਵਿਦਿਆਰਥੀਆਂ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਰੱਖਣ ਲਈ ਸਿੱਖਿਆ ਮਾਹਿਰਾਂ, ਮਨੋਵਿਗਿਆਨੀਆਂ ਅਤੇ ਮਾਹਿਰ ਡਾਕਟਰਾਂ ਵੱਲੋਂ ਲਿਖੇ ਪ੍ਰੇਰਕ ਲੇਖ ਰੋਜ਼ਾਨਾ ਸਾਂਝੇ ਕੀਤੇ ਜਾਣਗੇ, ਜਿਨ੍ਹਾਂ ਵਿਚ ਤਨਾਅ ਮੁਕਤ ਪ੍ਰੀਖਿਆ ਤਿਆਰੀ, ਸਿਹਤ ਸੰਭਾਲ, ਸਮਾਂ ਪ੍ਰਬੰਧਨ ਅਤੇ ਪੜ੍ਹਾਈ ਨੂੰ ਰੋਚਕ ਬਣਾਉਣ ਸਬੰਧੀ ਮਾਰਗਦਰਸ਼ਨ ਸ਼ਾਮਲ ਹੋਵੇਗਾ। ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆਂ ਨੂੰ ਕਿਹਾ ਹੈ ਕਿ ਇਹ ਲੇਖ ਸਵੇਰ ਦੀ ਸਭਾ, ਨੋਟਿਸ ਬੋਰਡ ਅਤੇ ਸੋਸ਼ਲ ਮੀਡੀਆ ਰਾਹੀਂ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਪਹੁੰਚਾਏ ਜਾਣ। ਇਸ ਮੁਹਿੰਮ ਦੇ ਸਹਿਯੋਗੀ ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ ਤੇ ਸੰਦੀਪ ਕੁਮਾਰ ਨੇ ਦੱਸਿਆ ਕਿ ਵਿਭਾਗ ਦਾ ਇਹ ਉਪਰਾਲਾ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ ਵਧਾਉਣ ਅਤੇ ਪ੍ਰੀਖਿਆ ਨੂੰ ਡਰ ਦੀ ਬਜਾਏ ਉਤਸਵ ਵਜੋਂ ਮਨਾਉਣ ਵੱਲ ਇਕ ਕਦਮ ਮੰਨਿਆ ਜਾ ਰਿਹਾ ਹੈ।