ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਪ੍ਰਤਿਭਾ ਸਮਾਜ ਲਈ ਪ੍ਰੇਰਣਾ ਦਾ ਸਰੋਤ : ਡੀਈਓ ਸੁਨੀਤਾ ਰਾਣੀ
ਸਿੱਖਿਆ ਵਿਭਾਗ ਫ਼ਿਰੋਜ਼ਪੁਰ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਜ਼ਿਲ੍ਹਾ ਪੱਧਰੀ ਸਮਾਗਮ ਆਯੋਜਨ
Publish Date: Sat, 07 Feb 2026 04:00 PM (IST)
Updated Date: Sat, 07 Feb 2026 04:02 PM (IST)

ਸਟਾ੍ਰ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫ਼ਿਰੋਜ਼ਪੁਰ ਸੁਨੀਤਾ ਰਾਣੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਕੋਮਲ ਅਰੋੜਾ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ ’ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਪ੍ਰਤਿਭਾ ਨੂੰ ਸਮਰਪਿਤ ਇਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਕੂਲ ਫਿਰੋਜ਼ਪੁਰ ਕੈਂਟ ਵਿਖੇ ਆਯੋਜਿਤ ਕੀਤਾ ਗਿਆ। ਇਹ ਸਮਾਗਮ ਵਿਚ ਇਨ੍ਹਾਂ ਬੱਚਿਆਂ ਦੀਆਂ ਵੱਖ-ਵੱਖ ਮੁਕਾਬਲੇ ਚਿੱਤਰਕਲਾ, ਗਾਇਨ, ਭੰਗੜਾ, ਗਿੱਧਾ ਆਦਿ ਕਰਵਾਏ ਗਏ। ਬੱਚਿਆਂ ਵੱਲੋਂ ਦਿੱਤੀਆਂ ਗਈਆਂ ਗਤੀਵਿਧੀਆਂ ਨੇ ਉਨ੍ਹਾਂ ਦੀ ਅਦਭੁੱਤ ਪ੍ਰਤਿਭਾ, ਮਿਹਨਤ ਅਤੇ ਆਤਮ-ਵਿਸ਼ਵਾਸ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਦਰਸਾਇਆ, ਜਿਸ ਨਾਲ ਦਰਸ਼ਕ ਭਾਵੁਕ ਅਤੇ ਪ੍ਰੇਰਿਤ ਹੋਏ। ਇਸ ਮੌਕੇ ਡੀਈਓ ਐਲੀਮੈਂਟਰੀ ਸੁਨੀਤਾ ਰਾਣੀ ਨੇ ਬੱਚਿਆਂ ਦੀ ਪ੍ਰਤਿਭਾ ਦੀ ਭਰਪੂਰ ਸਰਾਹਨਾ ਕਰਦੇ ਹੋਏ ਕਿਹਾ ਕਿ ਸਹੀ ਮੌਕਾ ਅਤੇ ਸਹਿਯੋਗ ਮਿਲੇ ਤਾਂ ਹਰ ਬੱਚਾ ਆਪਣੀ ਕਾਬਲੀਅਤ ਨਾਲ ਨਵਾਂ ਮੀਲ ਪੱਥਰ ਸਥਾਪਿਤ ਕਰ ਸਕਦਾ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਪੂਰਨ ਸਹਿਯੋਗ ਨਾਲ ਇਹਨਾਂ ਬੱਚਿਆਂ ਦੀ ਸਮੂਹਿਕ ਵਿਕਾਸ ਅਤੇ ਸਿੱਖਿਆ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਹੋਏ ਜ਼ਿਲ੍ਹਾ ਕੋਆਰਡੀਨੇਟਰ ਐੱਮਆਈਐੱਸ ਫ਼ਿਰੋਜ਼ਪੁਰ ਪਵਨ ਮਦਾਨ ਨੇ ਅਧਿਆਪਕਾਂ, ਮਾਪਿਆਂ ਅਤੇ ਸਹਿਯੋਗੀ ਸੰਸਥਾਵਾਂ ਦੀ ਸਾਂਝੀ ਕੋਸ਼ਿਸ਼ਾਂ ਨੂੰ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਹਰ ਬੱਚੇ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਸਮਾਨ ਮੌਕੇ ਮਿਲਣੇ ਚਾਹੀਦੇ ਹਨ। ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਆਏ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਆਪਣੇ ਸਪੈਸ਼ਲ ਐਜੂਕੇਟਰਾਂ ਦੇ ਨਾਲ ਸਮਾਗਮ ਵਿੱਚ ਭਾਗੀਦਾਰੀ ਕਰਕੇ ਇਸ ਨੂੰ ਯਾਦਗਾਰ ਬਣਾਇਆ। ਇਸ ਸਮਾਗਮ ਵਿਚ ਕਪਿਲ ਸੇਠੀ ਪੱਤਰਕਾਰ, ਕ੍ਰਿਸ਼ਨ ਮੋਹਨ ਚੌਬੇ, ਡੀਐੱਸਈ, ਯਚਨਾ ਚਾਵਲਾ ਪ੍ਰਿੰਸੀਪਲ ਡੀਸੀਐਮ ਸੀਨੀਅਰ ਸੈਕੰਡਰੀ ਸਕੂਲ, ਅਸ਼ੋਕ ਬਹਿਲ, ਸਾਬਕਾ ਸਕੱਤਰ ਰੈੱਡ ਕ੍ਰਾਸ, ਸਵੇਰਾ ਸਪੈਸ਼ਲ ਰਿਸੋਰਸ ਸੈਂਟਰ ਨਾਲ ਜੁੜੇ ਐਨਜੀਓ ਮੈਂਬਰ ਵੀ ਹਾਜ਼ਰ ਰਹੇ।