ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਪੈਸ਼ਲ ਟਰੇਨਾਂ ਦੀ ਮਿਆਦ ਵਧੀ
ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਪੈਸ਼ਲ ਟਰੇਨਾਂ ਦੀ ਮਿਆਦ ਵਿਚ ਹੋਇਆ ਵਾਧਾ
Publish Date: Thu, 08 Jan 2026 03:35 PM (IST)
Updated Date: Fri, 09 Jan 2026 04:00 AM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਰੇਲ ਯਾਤਰੀਆਂ ਦੀ ਸਹੂਲਤ ਅਤੇ ਯਾਤਰਾ ਦੌਰਾਨ ਵਧਦੀ ਭੀੜ ਨੂੰ ਮੁੱਖ ਰੱਖਦੇ ਹੋਏ, ਉੱਤਰ ਰੇਲਵੇ ਨੇ ਇਕ ਅਹਿਮ ਫੈਸਲਾ ਲਿਆ ਹੈ। ਰੇਲਵੇ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਦੇ ਵਿਚਕਾਰ ਚੱਲਣ ਵਾਲੀਆਂ ਵਿਸ਼ੇਸ਼ ਰੇਲ ਗੱਡੀਆਂ ਦੀ ਚੱਲਣ ਦੀ ਮਿਆਦ ਨੂੰ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਸ਼ਰਧਾਲੂਆਂ ਅਤੇ ਆਮ ਯਾਤਰੀਆਂ ਦੀ ਭਾਰੀ ਮੰਗ ਨੂੰ ਦੇਖਦੇ ਹੋਏ ਲਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਯਾਤਰਾ ਦੌਰਾਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਦੱਸਿਆ ਕਿ ਇਹ ਟਰੇਨਾਂ ਆਪਣੇ ਪੁਰਾਣੇ ਰੂਟ, ਪੁਰਾਣੇ ਸਮੇਂ ਅਤੇ ਪਹਿਲਾਂ ਤੋਂ ਨਿਰਧਾਰਿਤ ਦਿਨਾਂ ’ਤੇ ਹੀ ਚੱਲਣਗੀਆਂ। ਉਨ੍ਹਾਂ ਦੱਸਿਆ ਕਿ ਟਰੇਨ ਨੰਬਰ 04081 (ਨਵੀਂ ਦਿੱਲੀ - ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ) ਇਹ ਟਰੇਨ ਜੋ ਪਹਿਲਾਂ 4 ਜਨਵਰੀ 2026 ਤੱਕ ਚੱਲਣੀ ਸੀ, ਹੁਣ ਉਸ ਦੀ ਮਿਆਦ ਵਧਾ ਦਿੱਤੀ ਗਈ ਹੈ। ਇਹ ਹੁਣ 9 ਜਨਵਰੀ 2026 ਤੋਂ 10 ਜਨਵਰੀ 2026 ਤੱਕ ਆਪਣੀਆਂ ਸੇਵਾਵਾਂ ਜਾਰੀ ਰੱਖੇਗੀ। ਇਸ ਵਾਧੇ ਦੌਰਾਨ ਇਹ ਟਰੇਨ ਕੁੱਲ 2 ਵਾਧੂ ਚੱਕਰ ਲਗਾਏਗੀ। ਟਰੇਨ ਨੰਬਰ 04082 (ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ - ਨਵੀਂ ਦਿੱਲੀ) ਵਾਪਸੀ ਦੀ ਇਹ ਗੱਡੀ ਪਹਿਲਾਂ 5 ਜਨਵਰੀ 2026 ਤੱਕ ਨੋਟੀਫਾਈ ਕੀਤੀ ਗਈ ਸੀ।
ਰੇਲਵੇ ਨੇ ਹੁਣ ਇਸ ਨੂੰ 10 ਜਨਵਰੀ 2026 ਤੋਂ 11 ਜਨਵਰੀ 2026 ਤੱਕ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਵੀ 2 ਵਾਧੂ ਚੱਕਰ ਲਗਾਏ ਜਾਣਗੇ। ਰੇਲਵੇ ਵਿਭਾਗ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਟਿਕਟ ਬੁੱਕ ਕਰਵਾਉਣ ਤੋਂ ਪਹਿਲਾਂ ਰੇਲਵੇ ਦੀ ਅਧਿਕਾਰਤ ਵੈੱਬਸਾਈਟ ਜਾਂ ਐਪ ਰਾਹੀਂ ਸਮੇਂ ਦੀ ਸਾਰਣੀ ਦੀ ਮੁੜ ਜਾਂਚ ਕਰ ਲੈਣ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਜਾਂ ਸਹਾਇਤਾ ਲਈ ਯਾਤਰੀ ਰੇਲਵੇ ਦੇ ਹੈਲਪਲਾਈਨ ਨੰਬਰ 139 ’ਤੇ ਵੀ ਸੰਪਰਕ ਕਰ ਸਕਦੇ ਹਨ।