ਨਸ਼ਾ ਤਸਕਰੀ ਅਤੇ ਗੈਂਗਸਟਰ ਅਕਾਲੀ ਦਲ ਦੀ ਦੇਣ : ਕੁਲਬੀਰ ਜ਼ੀਰਾ
ਨਸ਼ਾ ਤਸਕਰੀ ਅਤੇ ਗੈਂਗਸਟਰ ਅਕਾਲੀ ਦਲ ਦੀ ਦੇਣ: ਕੁਲਬੀਰ ਜ਼ੀਰਾ
Publish Date: Wed, 25 Feb 2026 04:03 PM (IST)
Updated Date: Wed, 25 Feb 2026 04:07 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪੰਜਾਬ ਵਿਚ ਵਧ ਰਹੇ ਨਸ਼ਿਆਂ ਦੇ ਕਾਰੋਬਾਰ ਅਤੇ ਗੈਂਗਸਟਰਵਾਦ ਨੂੰ ਲੈ ਕੇ ਸਿਆਸੀ ਰੌਲਾ ਹੋਰ ਤੇਜ਼ ਹੋ ਗਿਆ ਹੈ। ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਵਿਚ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦਾ ਜੋ ਜਾਲ ਹੈ, ਉਹ ਅਕਾਲੀ ਦਲ ਬਾਦਲ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਉਹ ਡਾਇਨਾਸੋਰ ਹੈ ਜਿਹੜਾ ਪੰਜਾਬ ਦੀ ਜਵਾਨੀ ਨੂੰ ਖਾ ਗਿਆ, ਜਿਸਨੇ ਮਾਵਾਂ ਦੇ ਪੁੱਤ ਖੋਹ ਲਏ, ਕਈ ਧੀਆਂ ਨੂੰ ਵਿਧਵਾ ਕਰ ਦਿੱਤਾ ਅਤੇ ਬੱਚਿਆਂ ਦਾ ਬਚਪਨ ਰੋਲ ਦਿੱਤਾ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਇੱਕ ਰੈਲੀ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੇ ਨਸ਼ਾ ਤਸਕਰ ਹਨ ਅਸੀਂ ਉਨ੍ਹਾਂ ਨੂੰ ਅੱਤਵਾਦੀ ਐਲਾਨਾਂਗੇ, ਜੋ ਕਿ ਲੋਕਾਂ ਨੂੰ ਸਿਰਫ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੇ ਅੱਤਵਾਦੀ ਐਲਾਨਣਾ ਹੀ ਹੈ ਤਾਂ ਸ਼ੁਰੂਆਤ ਬਿਕਰਮਜੀਤ ਸਿੰਘ ਮਜੀਠੀਆ ਤੋਂ ਕਰਨ ਜਿਸਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਵਿਚ ਅਹਿਮ ਰੋਲ ਅਦਾ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਪੰਜਾਬ ਦੇ ਨੌਜਵਾਨ ਕਦੇ ਕਬੱਡੀ ਦੇ ਮੈਦਾਨਾਂ ਵਿਚ ਆਪਣੀ ਤਾਕਤ ਅਤੇ ਹੁਨਰ ਦਾ ਲੋਹਾ ਮਨਵਾਉਂਦੇ ਸਨ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਦੀ ਗਲਤ ਨੀਤੀਆਂ ਅਤੇ ਸਿਆਸੀ ਪੱਖਪਾਤ ਨੇ ਗੈਂਗਸਟਰਵਾਦ ਵੱਲ ਤੱਕ ਦਿੱਤਾ ਅੱਜ ਦਾ ਕਾਲਾ ਦੌਰ ਉਸੇ ਰਾਜਨੀਤਿਕ ਸੋਚ ਦਾ ਨਤੀਜਾ ਹੈ ਜਿਸ ਨੇ ਕਾਨੂੰਨ ਵਿਵਸਥਾ ਨੂੰ ਕਮਜ਼ੋਰ ਕੀਤਾ ਅਤੇ ਅਪਰਾਧਿਕ ਤੱਤਾਂ ਨੂੰ ਹੌਸਲਾ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ ਦੀ ਨਿੰਦਾ ਕਰਦਾ ਹਾਂ । ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਨੂੰ ਬਰਬਾਦ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਸੱਚਾਈ ਨੂੰ ਸਮਝ ਚੁੱਕੇ ਹਨ ਅਤੇ ਉਨਾਂ ਦੀ ਨਜ਼ਰ ਵਿਚ ਉਹੀ ਪਾਰਟੀ ਕਬੂਲਯੋਗ ਹੋਵੇਗੀ ਜੋ ਨਸ਼ਿਆਂ ਅਤੇ ਗੈਂਗਸਟਰਵਾਦ ਦੇ ਖਿਲਾਫ ਇਮਾਨਦਾਰੀ ਨਾਲ ਲੜੇਗੀ। ਪੰਜਾਬ ਦੇ ਲੋਕ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਦੇ ਮੂੰਹ ਨਹੀਂ ਲਾਉਣਗੇ ।