- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੂਲ ਮੁਖੀਆਂ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮਾਨਸਿਕ ਸਿਹਤ ਅਤੇ ਨਸ਼ਾ ਰੋਕਥਾਮ ਸਬੰਧੀ ਜ਼ਿਲ੍ਹਾ ਪੱਧਰੀ ਕਾਰਜਸ਼ਾਲਾ ਦੀ ਆਰੰਭਤਾ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਐੱਸਸੀਈਆਰਟੀ ਪੰਜਾਬ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀ ਸਾਂਝੀ ਪਹਿਲ ਤਹਿਤ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ਸਕੂਲ ਮੁਖੀਆਂ ਦੀ ਵਿਸ਼ੇਸ਼ ਕਾਰਜਸ਼ਾਲਾ ਦੀ ਆਰੰਭਤਾ ਕੀਤੀ ਗਈ ਹੈ। ਸਕੂਲ ਮੁਖੀਆਂ ਦੀ ਇਸ ਜ਼ਿਲ੍ਹਾ ਪੱਧਰੀ ਮਾਨਸਿਕ ਸਿਹਤ ਅਤੇ ਨਸ਼ਾ ਵਿਰੋਧੀ ਕਾਰਜਸ਼ਾਲਾ ਨਾਲ ਸਕੂਲਾਂ ਨਰੋਏ ਵਾਤਾਵਰਣ ਦੀ ਸਿਰਜਨਾ ਸੰਭਵ ਹੋ ਸਕੇਗੀ। ਇਸ 3 ਰੋਜ਼ਾ ਬੈਚ ਵਾਈਜ਼ ਵਰਕਸ਼ਾਪ ਦੀ ਅਗਵਾਈ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਫ਼ਿਰੋਜ਼ਪੁਰ ਮੁਨੀਲਾ ਅਰੋੜਾ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ), ਰਾਸ਼ਟਰੀ ਐਵਾਰਡੀ ਡਾ. ਸਤਿੰਦਰ ਸਿੰਘ ਦੀ ਯੋਗ ਦਿਸ਼ਾ-ਨਿਰਦੇਸ਼ ਹੇਠ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੀ ਸਮੂਹਿਕ ਵਿਕਾਸ ਯਾਤਰਾ ਵਿਚ ਮਾਨਸਿਕ ਸਿਹਤ ਦੀ ਕੇਂਦਰੀ ਭੂਮਿਕਾ ਬਾਰੇ ਸੰਵੇਦਨਸ਼ੀਲ ਹੋਣ ਲਈ ਆਪਣਾ ਵਿਸ਼ੇਸ਼ ਸੁਨੇਹਾ ਸਾਂਝਾ ਕੀਤਾ ਹੈ। ਇਸ ਮੌਕੇ ਰਾਜੀਵ ਪਰਾਸ਼ਰ ਸਿਵਲ ਸਰਜਨ ਫ਼ਿਰੋਜ਼ਪੁਰ ਅਤੇ ਗੁਰਮੇਜ ਰਾਮ ਡਿਪਟੀ ਮੈਡੀਕਲ ਕਮਿਸ਼ਨਰ ਫਿਰੋਜ਼ਪੁਰ ਦੁਆਰਾ ਸੰਤੁਲਿਤ ਮਾਨਸਿਕ ਵਿਕਾਸ ਅਤੇ ਨਸ਼ਿਆਂ ਦੀ ਰੋਕਥਾਮ ਲਈ ਨੁਕਤੇ ਵੀ ਸਾਂਝੇ ਕੀਤੇ। ਜੀਵਨ ਜਾਂਚ ਕਲਾ ਦੁਆਰਾ ਵਿਦਿਆਰਥੀਆਂ ਦੀ ਸ਼ਖਸੀਅਤ ਉਸਾਰੀ ਵਾਸਤੇ ਇਸ ਕਾਰਜਸ਼ਾਲਾ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਤਾਇਨਾਤ ਮਾਹਰ ਟਰੇਨਰਾਂ ਅਤੇ ਮਨੋਵਿਗਿਆਨਕ ਵਿਦਵਾਨ ਪਰਮਜੀਤ ਕੌਰ ਅਤੇ ਪ੍ਰਾਂਜਲ ਜੋਸ਼ੀ ਵੱਲੋਂ ਵਿਸ਼ੇਸ਼ ਲੈਕਚਰ ਦਿੱਤੇ ਗਏ। ਉਨ੍ਹਾਂ ਨੇ ਕਿਸ਼ੋਰ ਅਵਸਥਾ ਵਿਚ ਪੈਦਾ ਹੋਣ ਵਾਲੀਆਂ ਮਾਨਸਿਕ ਸਮੱਸਿਆਵਾਂ, ਨਸ਼ੇ ਦੀ ਸ਼ੁਰੂਆਤੀ ਪ੍ਰਵਿਰਤੀ, ਮਨੋ-ਸਮਾਜਿਕ ਦਬਾਅ, ਅਕਾਦਮਿਕ ਤਣਾਅ, ਸਮਕਾਲੀ ਦਬਾਅ, ਹਮ-ਉਮਰ ਹਾਣੀਆਂ ਦਾ ਦਬਾਵ ਅਤੇ ਇਨ੍ਹਾਂ ਦੇ ਵਿਦਿਆਰਥੀ ਵਿਹਾਰ-ਸਿਹਤ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਗਹਿਰਾਈ ਨਾਲ ਚਰਚਾ ਕੀਤੀ। ਕਾਰਜਸ਼ਾਲਾ ਦੀ ਵਿਸ਼ੇਸ਼ਤਾ ਇੰਟਰਐਕਟਿਵ ਸੈਸ਼ਨ, ਲਾਈਵ ਕੇਸ ਸਟੱਡੀਜ਼ ਅਤੇ ਅਸਲੀ ਸਕੂਲੀ ਤਜਰਬਿਆਂ ਤੋਂ ਲਏ ਗਏ ਹਵਾਲਿਆ ਰਾਹੀਂ ਸਕੂਲ ਮੁਖੀਆਂ ਨੂੰ ਇਹ ਸਮਝਾਇਆ ਗਿਆ ਕਿ ਕਿਸ ਤਰ੍ਹਾਂ ਵਿਦਿਆਰਥੀਆਂ ਵਿਚ ਮਾਨਸਿਕ ਤਣਾਅ ਜਾਂ ਨਸ਼ੇ ਦੀ ਲਗਨ ਦੇ ਸ਼ੁਰੂਆਤੀ ਲੱਛਣਾਂ ਨੂੰ ਸਮੇਂ ਸਿਰ ਪਛਾਣਿਆ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਨੋਡਲ ਅਫਸਰ ਅਸ਼ਵਿੰਦਰ ਸਿੰਘ, ਜ਼ਿਲ੍ਹਾ ਰਿਸੋਰਸ ਪਰਸਨ ਪਰਵਿੰਦਰ ਸਿੰਘ ਸੋਢੀ ਅਤੇ ਲੈਕਚਰਾਰ ਰਜਨੀ ਜੱਗਾ ਵੱਲੋਂ ਵੀ ਭੂਮਿਕਾ ਨਿਭਾਈ ਗਈ ਅਤੇ ਆਪਣੇ ਤਜਰਬਿਆਂ ਰਾਹੀਂ ਸਕੂਲ ਪ੍ਰਬੰਧਨ ਲਈ ਵਰਤੋਂ ਯੋਗ ਸੁਝਾਅ ਸਾਂਝੇ ਕੀਤੇ ਗਏ। ਇਹ ਕਾਰਜਸ਼ਾਲਾ ਸਿੱਖਿਆ ਅਤੇ ਸਿਹਤ ਵਿਭਾਗਾਂ ਦੇ ਆਪਸੀ ਸਹਿਯੋਗ ਨਾਲ ਵਿਦਿਆਰਥੀਆਂ ਦੇ ਮਾਨਸਿਕ, ਸਮਾਜਿਕ ਅਤੇ ਨੈਤਿਕ ਵਿਕਾਸ ਵੱਲ ਇਕ ਪ੍ਰਭਾਵਸ਼ਾਲੀ ਕਦਮ ਸਾਬਤ ਕਰਨ ਅਹਿਦ ਲਿਆ ਗਿਆ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਡਾਇਟ ਪ੍ਰਿੰਸੀਪਲ ਸੀਮਾ ਪੰਛੀ, ਲੈਕਚਰਾਰ ਗੌਰਵ ਮੁੰਜਾਲ ਅਤੇ ਆਕਾਸ਼ਵੀਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ, ਜਿਨ੍ਹਾਂ ਨੇ ਅਕਾਦਮਿਕ ਅਤੇ ਪ੍ਰਸ਼ਾਸਕੀ ਤੌਰ ’ਤੇ ਸੰਪੂਰਨ ਸਹਿਯੋਗ ਪ੍ਰਦਾਨ ਕੀਤਾ।