ਪੀੜ੍ਹਤਾਂ ਨੂੰ ਸਮੇਂ ਸਿਰ ਇਨਸਾਫ਼ ਯਕੀਨੀ ਬਣਾਇਆ ਜਾਵੇ : ਏਡੀਸੀ
ਅੱਤਿਆਚਾਰ ਰੋਕਥਾਮ ਐਕਟ 1989 ਸਬੰਧੀ ਜ਼ਿਲ੍ਹਾ ਪੱਧਰੀ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੀ ਹੋਈ ਮੀਟਿੰਗ
Publish Date: Mon, 13 Apr 2026 04:47 PM (IST)
Updated Date: Mon, 13 Apr 2026 04:52 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਅੱਤਿਆਚਾਰ ਰੋਕਥਾਮ ਐਕਟ 1989 ਤਹਿਤ ਜ਼ਿਲ੍ਹੇ ਅੰਦਰ ਦਰਜ ਹੋਏ ਕੇਸਾਂ ਦੀ ਸਮੀਖਿਆ ਕਰਨ ਲਈ ਜ਼ਿਲ੍ਹਾ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫ਼ਿਰੋਜ਼ਪੁਰ ਕ੍ਰਿਸ਼ਨਾ ਪਾਲ ਰਾਜਪੂਤ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਕਮੇਟੀ ਦੇ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਮੈਂਬਰ ਸ਼ਾਮਲ ਹੋਏ। ਪੁਲਿਸ ਵਿਭਾਗ ਵੱਲੋਂ ਏਜੰਡੇ ਅਨੁਸਾਰ ਜ਼ਿਲ੍ਹੇ ਵਿਚ ਕੁੱਲ 28 ਮੁਕੱਦਮੇ ਦਰਜ ਹਨ, ਜਿਨ੍ਹਾਂ ਵਿਚੋਂ 14 ਜੇਰ ਤਫਤੀਸ਼ ਅਤੇ 14 ਜੇਰ ਸਮਾਇਤ ਕੇਸਾਂ ਦੀ ਸਮੀਖਿਆ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਕੀਤੀ ਗਈ। ਸਮੀਖਿਆ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪੁਲਿਸ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਐਕਟ ਤਹਿਤ ਦਰਜ ਹੋਏ ਮੁਕੱਦਮੇ ਜੋ ਜੇਰੇ ਤਫਤੀਸ਼ ਹਨ, ਅੱਤਿਆਚਾਰ ਰੋਕਥਾਮ ਐਕਟ 1989 ਰੂਲਜ਼ 1995 ਸੋਧੇ ਰੂਲਜ਼ 2016 ਤਹਿਤ ਜਲਦ ਹੀ ਤਫਤੀਸ਼ ਮੁਕੰਮਲ ਕਰਕੇ ਰਿਪੋਰਟ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਟਾਰਨੀ ਨਾਲ ਤਾਲਮੇਲ ਕਰਨ ਉਪਰੰਤ ਤੇ ਕਾਨੂੰਨੀ ਰਾਏ ਲੈ ਕੇ ਐਕਟ ਤਹਿਤ ਪੀੜ੍ਹਤਾਂ ਨੂੰ ਸਮੇਂ ਸਿਰ ਮੁਆਵਜ਼ਾ ਮੁਹੱਈਆ ਕਰਵਾਇਆ ਜਾਵੇ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਤੇ ਅੱਤਿਆਚਾਰ ਰੋਕਥਾਮ ਐਕਟ ਤਹਿਤ ਕਾਰਵਾਈ ਅਧੀਨ ਬਣਦਾ ਇਨਸਾਫ ਦਿਵਾਇਆ ਜਾਵੇ। ਮੀਟਿੰਗ ਵਿਚ ਮਨਜੀਤ ਸਿੰਘ ਕਪਤਾਨ ਪੁਲਿਸ, ਬਲਜਿੰਦਰ ਸਿੰਘ ਉਪ ਕਪਤਾਨ ਪੁਲਿਸ, ਸਾਹਿਬ ਸਿੰਘ ਉਪ ਜ਼ਿਲ੍ਹਾ ਅਟਾਰਨੀ, ਗੁਰਮੀਤ ਸਿੰਘ ਬਰਾੜ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਕਮ-ਮੈਂਬਰ ਸਕੱਤਰ, ਵਿਜੈ ਸ਼ੈਰੀ, ਗਗਨਦੀਪ ਸਿੰਘ, ਪੂਰਨ ਚੰਦ, ਰਾਮ ਪ੍ਰਕਾਸ਼ ਰਿਟਾ. ਐੱਸਪੀ., ਗੁਰਿੰਦਰ ਸਿੰਘ, ਲਖਵਿੰਦਰ ਸਿੰਘ ਆਦਿ ਸਰਕਾਰੀ ਅਤੇ ਗੈਰ ਸਰਕਾਰੀ ਮੈਂਬਰ ਸ਼ਾਮਲ ਹੋਏ।