ਕੁਦਰਤੀ ਨਿਆਮਤਾਂ ਦੀ ਰਾਖੀ ਤੇ ਸਾਂਭ-ਸੰਭਾਲ ਸਾਡਾ ਮੁੱਢਲਾ ਫ਼ਰਜ਼ : ਵਿਧਾਇਕ ਭੁੱਲਰ/ਸਰਾਰੀ
ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਆਯੋਜਿਤ
Publish Date: Fri, 10 Apr 2026 05:37 PM (IST)
Updated Date: Fri, 10 Apr 2026 05:38 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਤਮਾ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਖਾਦਾਂ, ਕੀਟਨਾਸ਼ਕ ਆਦਿ ਖੇਤੀ ਸਾਧਨਾਂ ਦੀ ਸੰਜਮ ਨਾਲ ਵਰਤੋਂ ਅਤੇ ਨਾੜ-ਪਰਾਲੀ ਦੀ ਸੁਚੱਜੀ ਸੰਭਾਲ ਕਰਕੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਦੇ ਉਦੇਸ਼ ਨਾਲ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਡਾ. ਬਲਵਿੰਦਰ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਗੋਲਡਨ ਰਿਜ਼ੋਰਟ, ਕੁੱਲਗੜ੍ਹੀ ਵਿਖੇ ਆਯੋਜਿਤ ਕੀਤਾ ਗਿਆ। ਇਸ ਜ਼ਿਲ੍ਹਾ ਪੱਧਰੀ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਅਤੇ ਵਿਧਾਇਕ ਗੁਰੂਹਰਸਹਾਏ ਫੌਜਾ ਸਿੰਘ ਸਰਾਰੀ ਵੱਲੋਂ ਕੈਂਪ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚੋਂ ਵੱਡੀ ਗਿਣਤੀ ਵਿਚ ਪਹੁੰਚੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਰਣਬੀਰ ਸਿੰਘ ਭੁੱਲਰ ਅਤੇ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਧਰਤੀ, ਪਾਣੀ ਤੇ ਹਵਾ ਕੁਦਰਤ ਵੱਲੋਂ ਮਨੁੱਖ ਨੂੰ ਦਿੱਤੀਆਂ ਬੇਸ਼ਕੀਮਤੀ ਨਿਆਮਤਾਂ ਹਨ ਜਿਨ੍ਹਾਂ ਦੀ ਰਾਖੀ ਅਤੇ ਸਾਂਭ-ਸੰਭਾਲ ਕਰਨਾ ਸਾਡਾ ਮੁੱਢਲਾ ਫ਼ਰਜ਼ ਬਣਦਾ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਕਿਸਾਨ ਹਿੱਤ ਵਿਚ ਲਾਗੂ ਕੀਤੀਆਂ ਗਈਆਂ ਸਕੀਮਾਂ ਨੂੰ ਸਾਵੇਂ ਤੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਖੇਤੀ ਵਿਗਿਆਨਕਾਂ/ਮਾਹਿਰਾਂ ਵੱਲੋਂ ਸੁਝਾਈਆਂ ਆਧੁਨਿਕ ਖੇਤੀ ਤਕਨੀਕਾਂ ਅਪਣਾਉਣ ਦੀ ਗੱਲ ਉੱਤੇ ਜ਼ੋਰ ਦਿੱਤਾ। ਜ਼ਿਲ੍ਹਾ ਪ੍ਰਸਾਸ਼ਨ ਫ਼ਿਰੋਜ਼ਪੁਰ ਵੱਲੋਂ ਆਏ ਨੁਮਾਇੰਦਿਆਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਵੱਧ ਤੋਂ ਵੱਧ ਸਰਕਾਰ ਵੱਲੋਂ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਅਤੇ ਸਕੀਮਾਂ ਦਾ ਲਾਭ ਲੈਣ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਹਮੇਸ਼ਾ ਹਰ ਸੰਭਵ ਤਰੀਕੇ ਨਾਲ ਕਿਸਾਨਾਂ ਨਾਲ ਸਹਿਯੋਗ ਲਈ ਹਾਜ਼ਰ ਹੈ ਅਤੇ ਨਾਲ ਹੀ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਬਿਜਾਏ ਤੁੜੀ ਤਿਆਰ ਕਰਨ ਅਤੇ ਬਚੇ ਹੋਏ ਰਹਿੰਦ-ਖੂੰਹਦ ਨੂੰ ਖੇਤ ਵਿੱਚ ਹੀ ਗਾਲਣ ਦੀ ਅਪੀਲ ਕੀਤੀ ਗਈ। ਇਸ ਕੈਂਪ ਦੀ ਅਗਵਾਈ ਕਰਦਿਆਂ ਬਲਵਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਸਾਉਣੀ ਰੁੱਤੇ ਲੋੜੀਂਦੀਆਂ ਖਾਦਾਂ ਸਹਿਤ ਮਿਆਰੀ ਖੇਤੀ ਇਨਪੁਟ ਦੀ ਸਪਲਾਈ ਯਕੀਨੀ ਬਣਾਉਣ ਦਾ ਹਰ ਹੀਲਾ ਕੀਤਾ ਜਾ ਰਿਹਾ ਹੈ ਤਾਂ ਜੋ ਸਾਉਣੀ ਰੁੱਤੇ ਕਿਸਾਨਾਂ ਨੂੰ ਕਿਸੇ ਤਰਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਲ 2025-26 ਦੌਰਾਨ ਕੀਤੇ ਕੰਮਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਉੱਤਮ ਮਿਆਰ ਦੇ ਖੇਤੀ ਇਨਪੁਟ ਜਿਵੇਂ ਕਿ ਬੀਜ, ਖਾਦ, ਦਵਾਈਆਂ ਆਦਿ ਸਮੇਂ-ਸਿਰ ਉਪਲਬੱਧ ਕਰਾਉਣ ਦਾ ਹਰ ਹੀਲਾ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਉੱਤਮ ਮਿਆਰ ਦੇ ਖੇਤੀ ਇਨੈਪੁੱਟੀ ਜਿਵੇਂ ਕਿ ਬੀਜ, ਖਾਦ, ਦਵਾਈਆਂ ਆਦਿ ਸਮੇਂ ਸਿਰ ਉੱਪਲੱਬਧ ਕਰਾਉਣ ਲਈ ਸਾਲ 2025-26 ਦੌਰਾਨ ਬੀਜਾਂ ਦੇ 194, ਖਾਦਾਂ ਦੇ 186 (ਕੈਮੀਕਲ) ਤੇ ਬਾਇਓ ਖਾਦਾਂ ਦੇ 5 ਅਤੇ ਕੀੜੇਮਾਰ ਦਵਾਈਆਂ ਦੇ 285 ਨਮੂਨੇ ਇੱਕਤਰ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਖੇਤੀ ਦਵਾਈਆਂ ਦੇ 3, ਖਾਦਾਂ ਦੇ 2 ਕੈਮੀਕਲ ਅਤੇ ਬਾਇਓ ਖਾਦਾਂ ਦੇ 1, ਬੀਜ ਦੇ 5 ਸੈਂਪਲ ਗੈਰ-ਮਿਆਰੀ ਪਾਏ ਗਏ, ਜਿਨ੍ਹਾਂ ਬਾਬਤ ਵਿਭਾਗ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਸ ਤੋਂ ਇਲਾਵਾ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਨੂੰ ਆਧੁਨਿਕ ਅਤੇ ਨਵੀਨਤਮ ਯੰਤਰਾ ਦੇ ਮਾਧਿਅਮ ਨਾਲ ਪਰਖ ਕਰਨ ਲਈ 1.39 ਕਰੋੜ ਦੀ ਲਾਗਤ ਨਾਲ ਨਵੀਂ ਆਈਸੀਪੀ ਤੋਂ ਪਰਖ ਪ੍ਰਯੋਗਸ਼ਾਲਾ ਸਥਾਪਿਤ ਹੋ ਚੁੱਕੀ ਹੈ। ਕੁੱਲ 660 ਪਿੰਡ-ਪੱਧਰੀ, 25 ਬਲਾਕ-ਪੱਧਰੀ ਅਤੇ 2 ਜ਼ਿਲ੍ਹਾ-ਪੱਧਰੀ ਕਿਸਾਨ ਸਿਖਲਾਈ ਕੈਂਪ ਨਵੀਨਤਮ ਖੇਤੀ ਟੈਕਨਾਲੋਜੀ ਅਤੇ ਖੇਤੀ ਮਾਹਿਰਾਂ ਦੀਆਂ ਸਿਫ਼ਾਰਿਸ਼ ਦੇ ਪਸਾਰ ਹਿੱਤ ਲਾਏ ਗਏ ਹਨ। ਇਸ ਤੋਂ ਇਲਾਵਾ ਸਮੈਮ ਸਕੀਮ ਅਧੀਨ 1.05 ਕਰੋੜ ਰੁਪਏ ਨਾਲ 50 ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਕਿਸਾਨਾਂ ਨੂੰ ਉਪਦਾਨ ਤੇ ਮੁਹੱਈਆ ਕਰਵਾਈਆਂ ਗਈਆਂ ਹਨ। ਮੁੱਖ ਦਫ਼ਤਰ ਮੋਹਾਲੀ ਤੋਂ ਕੈਂਪ ਦੀ ਪ੍ਰਧਾਨਗੀ ਕਰਨ ਵਿਸ਼ੇਸ਼ ਤੌਰ ’ਤੇ ਪੰਹੁਚੇ ਡਾ. ਕਰਨਜੀਤ ਸਿੰਘ ਗਿੱਲ, ਸੰਯੁਕਤ ਡਾਇਰੈਕਟਰ (ਵਿਸਥਾਰ ਤੇ ਸਿਖਲਾਈ) ਨੇ ਆਪਣੇ ਸੰਬੋਧਨ ਵਿਚ ਕਿਸਾਨ ਭਲਾਈ ਦੇ ਮੰਤਵ ਨਾਲ ਖੇਤੀਬਾੜੀ ਵਿਭਾਗ, ਵਿਚ ਚੱਲ ਰਹੀਆ ਵੱਖ-ਵੱਖ ਸਕੀਮਾਂ ਦਾ ਉਲੇਖ ਕੀਤਾ। ਇਸ ਕੈਂਪ ਵਿਚ ਲਗਾਈਆਂ ਗਈਆਂ ਵਿਭਾਗੀ ਪ੍ਰਦਰਸ਼ਨੀਆ ਜਿਨ੍ਹਾਂ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਜੰਗਲਾਤ ਵਿਭਾਗ, ਬਾਗਬਾਨੀ ਵਿਭਾਗ, ਮਿਲਕਫੈਡ, ਮਾਰਕਫੈੱਡ, ਇਫ਼ਕੋ, ਕਭਿਕਰੋ, ਮੱਛੀ ਪਾਲਣ ਅਤੇ ਹੋਰ ਵਿਭਾਗਾਂ ਦੀਆਂ ਪ੍ਰਦਰਸ਼ਨੀਆਂ ਸ਼ਾਮਲ ਸਨ, ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਇਸ ਤੋਂ ਇਲਾਵਾ ਚੋਣਵੀਆਂ ਪ੍ਰਾਈਵੇਟ ਕੰਪਨੀਆਂ ਦੁਆਰਾ ਵੀ ਖੇਤੀ ਇਨਪੁਟਸ : ਬੀਜ, ਖਾਦ, ਦਵਾਈਆਂ, ਸੰਦ ਮਸ਼ੀਨਾਂ ਆਦਿ ਦੇ ਸਟਾਲ ਲਗਾਏ ਗਏ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਿਭਾਗ ਵਿਚ ਚੱਲ ਰਹੀਆ ਸਕੀਮਾਂ ਦਾ ਵੱਧ ਤੋ ਵੱਧ ਲਾਭ ਲੈਣ ਲਈ ਉਹ ਸਬੰਧਤ ਅਮਲੇ ਨਾਲ ਲਗਾਤਾਰ ਸੰਪਰਕ ਵਿੱਚ ਰਿਹਾ ਕਰਨ। ਕੈਂਪ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਗੁਰਵੰਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਵੱਲੋਂ ਬਾਖੂਬੀ ਨਿਭਾਈ ਗਈ। ਕੈਂਪ ਦੇ ਆਯੋਜਨ ਵਿਚ ਸਾਵਨਦੀਪ ਸ਼ਰਮਾ, ਪ੍ਰੋਜੈਕਟ ਡਾਇਰੈਕਟਰ (ਆਤਮਾ), ਜਸਵਿੰਦਰ ਸਿੰਘ, ਅਮਿਤ ਪੁੰਜ, ਗੁਰਦੀਪ ਸਿੰਘ, ਨੀਰਜ ਸ਼ਰਮਾ, (ਸਾਰੇ ਖੇਤੀਬਾੜੀ ਅਫ਼ਸਰ), ਰਜਨੀਸ਼ ਜਿੰਦਲ, ਨਵੀਨ ਖੰਨਾ, ਤਰਨਜੀਤ ਸਿੰਘ, ਹਰਕਮਲ ਸਿੰਘ, ਅਕਾਂਸ਼ਾ (ਸਾਰੇ ਖੇਤੀਬਾੜੀ ਵਿਕਾਸ ਅਫ਼ਸਰ) ਤੋਂ ਇਲਾਵਾ ਸੁਨੀਲ ਕੁਮਾਰ, ਸੁਪਰਡੈਂਟ, ਸੰਜੀਵ ਕੁਮਾਰ ਗੁਪਤਾ, ਸੀਨੀਅਰ ਸਹਾਇਕ ਅਤੇ ਕਰਨਦੀਪ, ਸੀਨੀਅਰ ਸਹਾਇਕ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ।