ਰਿਸਰਚ ਤੇ ਪ੍ਰਕਾਸ਼ਨ ਨੈਤਿਕਤਾ ’ਤੇ ਵਿਚਾਰ ਗੋਸ਼ਟੀ ਕਰਵਾਈ
ਐੱਸਬੀਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਚ ਰਿਸਰਚ ਅਤੇ ਪ੍ਰਕਾਸ਼ਨ ਨੈਤਿਕਤਾ ਬਾਰੇ ਵਿਚਾਰ ਗੋਸ਼ਟੀ
Publish Date: Tue, 07 Apr 2026 04:22 PM (IST)
Updated Date: Tue, 07 Apr 2026 04:26 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਬੀਤੇ ਦਿਨ ਐੱਸਬੀਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਉਪ ਕੁਲਪਤੀ ਡਾ. ਸੁਰੇਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਲਾਇਬ੍ਰੇਰੀਅਨ ਤੇਜਪਾਲ ਵਰਮਾ ਦੀ ਅਗਵਾਈ ਵਿਚ ਲਾਇਬ੍ਰੇਰੀ ਵਿਭਾਗ ਵਲੋਂ ਰਿਸਰਚ ਅਤੇ ਪ੍ਰਕਾਸ਼ਨ ਨੈਤਿਕਤਾ ਵਿਸ਼ੇ ’ਤੇ ਇਕ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਮੁੱਖ ਸਪੀਕਰ ਦੇ ਤੌਰ ’ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਨੀਰਜ ਕੇ ਸਿੰਘ ਅਤੇ ਇੰਜੀਨੀਅਰ ਅਮਰਦੀਪ ਸਿੰਘ (ਆਈ ਕਿਊ ਏ ਸੀ) ਤੋਂ ਇਲਾਵਾ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਸ ਗੋਸ਼ਟੀ ਦਾ ਮੁੱਖ ਉਦੇਸ਼ ਖੋਜ ਵਿਚ ਇਮਾਨਦਾਰੀ, ਜ਼ਿੰਮੇਵਾਰ ਲੇਖਕਤਾ, ਪਲੇਜਰਿਜ਼ਮ ਤੋਂ ਬਚਾਅ, ਡਾਟਾ ਪ੍ਰਬੰਧਨ ਅਤੇ ਪੀਅਰ ਰਿਵਿਊ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਸੀ। ਮੁੱਖ ਵਕਤਾਵਾਂ ਨੇ ਖੋਜ ਦੇ ਖੇਤਰ ਵਿਚ ਆਉਣ ਵਾਲੀਆਂ ਨੈਤਿਕ ਚੁਣੌਤੀਆਂ ’ਤੇ ਰੋਸ਼ਨੀ ਪਾਈ ਅਤੇ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਦੀ ਲੋੜ ’ਤੇ ਜ਼ੋਰ ਦਿੱਤਾ। ਗੋਸ਼ਟੀ ਦੌਰਾਨ ਪ੍ਰਕਾਸ਼ਨ ਵਿਚ ਗਲਤ ਰਵੱਈਆ, ਪ੍ਰੇਡੇਟਰੀ ਜਰਨਲਜ਼, ਸਿਟੇਸ਼ਨ ਨੈਤਿਕਤਾ ਅਤੇ ਅਕਾਦਮਿਕ ਲਿਖਤ ਵਿਚ ਨੈਤਿਕ ਮਾਪਦੰਡਾਂ ਦੀ ਪਾਲਣਾ ਵਰਗੇ ਵਿਸ਼ਿਆਂ ’ਤੇ ਚਰਚਾ ਕੀਤੀ। ਉਪ ਕੁਲਪਤੀ ਵੱਲੋਂ ਆਪਣੇ ਸੰਦੇਸ਼ ਰਾਹੀ ਕਿਹਾ ਕਿ ਨੈਤਿਕ ਮਾਪਦੰਡਾਂ ਦੀ ਪਾਲਣਾ ਖੋਜ ਦੀ ਭਰੋਸੇਯੋਗਤਾ ਅਤੇ ਗਿਆਨ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਨੌਜਵਾਨ ਖੋਜਕਰਤਿਆਂ ਨੂੰ ਵੀ ਨੈਤਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿਚ ਕੋਆਰਡੀਨੇਟਰ ਤੇਜਪਾਲ ਵਲੋਂ ਰਜਿਸਟਰਾਰ ਡਾ. ਗਜ਼ਲਪ੍ਰੀਤ ਸਿੰਘ ਅਤੇ ਆਰਗੇਨਾਈਜਿੰਗ ਕਮੇਟੀ ਸੁਖਵਿੰਦਰ ਕੌਰ, ਕੋਮਲਪ੍ਰੀਤ ਕੌਰ, ਸਰਨਜੀਤ ਕੌਰ ਅਤੇ ਸਮਾਗਮ ਦੀ ਸਫਲਤਾ ਲਈ ਸਾਰੇ ਹਾਜ਼ਰ ਮਹਿਮਾਨਾਂ ਅਤੇ ਆਯੋਜਕਾਂ ਦਾ ਧੰਨਵਾਦ ਕੀਤਾ ਗਿਆ। ਕੈਂਪਸ ਪੀਆਰਓ ਯਸ਼ਪਾਲ ਨੇ ਦੱਸਿਆ ਕਿ ਇਹ ਸਿੰਪੋਜ਼ਿਯਮ ਬਹੁਤ ਹੀ ਜਾਣਕਾਰੀ ਪੂਰਨ ਅਤੇ ਲਾਭਦਾਇਕ ਸਾਬਤ ਹੋਇਆ ਅਤੇ ਇਸ ਨੇ ਖੋਜ ਅਤੇ ਪ੍ਰਕਾਸ਼ਨ ਵਿਚ ਨੈਤਿਕਤਾ ਦੀ ਮਹੱਤਤਾ ਨੂੰ ਮਜ਼ਬੂਤ ਕੀਤਾ।