ਡਿਜੀਟਲ ਲੈਣ-ਦੇਣ ਨੂੰ ਮਿਲਿਆ ਭਾਰੀ ਹੁੰਗਾਰਾ, ਮੁਸਾਫ਼ਰਾਂ ਵਿਚ ਭਾਰੀ ਉਤਸ਼ਾਹ
ਡਿਜੀਟਲ ਲੈਣ-ਦੇਣ ਨੂੰ ਮਿਲਿਆ ਭਾਰੀ ਹੁੰਗਾਰਾ, ਮੁਸਾਫ਼ਰਾਂ ਵਿਚ ਭਾਰੀ ਉਤਸ਼ਾਹ
Publish Date: Sun, 22 Feb 2026 03:43 PM (IST)
Updated Date: Sun, 22 Feb 2026 03:45 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਮੰਡਲ ਵੱਲੋਂ ਰੇਲ ਯਾਤਰੀਆਂ ਨੂੰ ਡਿਜੀਟਲ ਭੁਗਤਾਨ ਲਈ ਉਤਸ਼ਾਹਿਤ ਕਰਨ ਵਾਸਤੇ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਪਰਮਦੀਪ ਸਿੰਘ ਸੈਣੀ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਉੱਤਰ ਰੇਲਵੇ ਫਿਰੋਜ਼ਪੁਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਲੁਧਿਆਣਾ ਰੇਲਵੇ ਸਟੇਸ਼ਨ ਦੇ ਸਾਰੇ ਅਨਰਿਜ਼ਰਵਡ ਟਿਕਟਿੰਗ ਸਿਸਟਮ, ਰਿਜ਼ਰਵੇਸ਼ਨ ਕਾਊਂਟਰ ਅਤੇ ਪੁੱਛਗਿੱਛ ਕਾਊਂਟਰਾਂ ’ਤੇ ‘ਰੇਲਵਨ’ ਐਪ ਅਤੇ ਯੂ.ਪੀ.ਆਈ. ਭੁਗਤਾਨ ਪ੍ਰਣਾਲੀ ਨਾਲ ਸਬੰਧਤ ਸੂਚਨਾ ਬੋਰਡ ਲਗਾਏ ਗਏ ਹਨ, ਤਾਂ ਜੋ ਮੁਸਾਫ਼ਰ ਵੱਧ ਤੋਂ ਵੱਧ ਡਿਜੀਟਲ ਮਾਧਿਅਮ ਦਾ ਲਾਭ ਉਠਾ ਸਕਣ। ਵਰਣਨਯੋਗ ਹੈ ਕਿ 21 ਫਰਵਰੀ 2026 ਨੂੰ ਲੁਧਿਆਣਾ ਰੇਲਵੇ ਸਟੇਸ਼ਨ ਦੇ ਪੀ.ਆਰ.ਐੱਸ. ਕਾਊਂਟਰਾਂ ’ਤੇ ਲਗਭਗ 75 ਪ੍ਰਤੀਸ਼ਤ ਅਤੇ ਢੰਡਾਰੀ ਕਲਾਂ ਸਟੇਸ਼ਨ ਦੇ ਕਾਊਂਟਰਾਂ ’ਤੇ ਲਗਭਗ 46 ਪ੍ਰਤੀਸ਼ਤ ਭੁਗਤਾਨ ਕਓ.ਆਰ ਕੋਡ ਰਾਹੀਂ ਪ੍ਰਾਪਤ ਹੋਇਆ। ਇਹ ਅੰਕੜੇ ਦਰਸਾਉਂਦੇ ਹਨ ਕਿ ਯਾਤਰੀ ਡਿਜੀਟਲ ਪ੍ਰਣਾਲੀ ਨੂੰ ਬੜੀ ਤੇਜ਼ੀ ਨਾਲ ਅਪਣਾ ਰਹੇ ਹਨ। ਫਿਰੋਜ਼ਪੁਰ ਮੰਡਲ ਵੱਲੋਂ ਯਾਤਰੀਆਂ ਨੂੰ ਲਗਾਤਾਰ ‘ਰੇਲਵਨ’ ਐਪ ਡਾਊਨਲੋਡ ਕਰਨ ਅਤੇ ਯੂ.ਪੀ.ਆਈ./ਕਓ.ਆਰ ਕੋਡ ਰਾਹੀਂ ਭੁਗਤਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਰੇਲ ਸੇਵਾਵਾਂ ਵਿਚ ਪਾਰਦਰਸ਼ਤਾ, ਸਹੂਲਤ ਅਤੇ ਸਮੇਂ ਦੀ ਬੱਚਤ ਨੂੰ ਯਕੀਨੀ ਬਣਾਇਆ ਜਾ ਸਕੇ।