ਨੁੱਕੜ ਨਾਟਕ ਰਾਹੀਂ ਦਿੱਤਾ ਡਿਜੀਟਲ ਟਿਕਟਿੰਗ ਦਾ ਸੁਨੇਹਾ
ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਨੁੱਕੜ ਨਾਟਕ ਰਾਹੀਂ ਦਿੱਤਾ ਡਿਜੀਟਲ ਟਿਕਟਿੰਗ ਦਾ ਸੁਨੇਹਾ
Publish Date: Wed, 22 Apr 2026 05:47 PM (IST)
Updated Date: Wed, 22 Apr 2026 05:49 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਰੇਲ ਮੰਡਲ ਵੱਲੋਂ ਰੇਲ ਯਾਤਰੀਆਂ ਨੂੰ ਡਿਜੀਟਲ ਟਿਕਟਿੰਗ ਪ੍ਰਤੀ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਅਤੇ ਸ਼ਲਾਘਾਯੋਗ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ 6 ਅਪ੍ਰੈਲ ਤੋਂ 26 ਅਪ੍ਰੈਲ 2026 ਤੱਕ ਚੱਲਣ ਵਾਲੀ 21 ਦਿਨਾਂ ਦੀ ਜਾਗਰੂਕਤਾ ਮੁਹਿੰਮ ਦੇ ਦੌਰਾਨ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਇਕ ਪ੍ਰਭਾਵਸ਼ਾਲੀ ਨੁੱਕੜ ਨਾਟਕ ਦਾ ਆਯੋਜਨ ਕੀਤਾ ਗਿਆ। ਕਲਾਕਾਰਾਂ ਨੇ ਨੁੱਕੜ ਨਾਟਕ ਦੀ ਪੇਸ਼ਕਾਰੀ ਰਾਹੀਂ ਯਾਤਰੀਆਂ ਨੂੰ ਰਵਾਇਤੀ ਟਿਕਟ ਖਿੜਕੀਆਂ ’ਤੇ ਲੱਗਣ ਵਾਲੀਆਂ ਲੰਬੀਆਂ ਕਤਾਰਾਂ ਅਤੇ ਸਮੇਂ ਦੀ ਬਰਬਾਦੀ ਬਾਰੇ ਦੱਸਿਆ। ਨਾਟਕ ਰਾਹੀਂ ਇਹ ਸੁਨੇਹਾ ਦਿੱਤਾ ਗਿਆ ਕਿ ਕਿਵੇਂ ਡਿਜੀਟਲ ਪਲੇਟਫਾਰਮ ਨਾ ਸਿਰਫ਼ ਸਮੇਂ ਦੀ ਬਚਤ ਕਰਦੇ ਹਨ, ਸਗੋਂ ਯਾਤਰਾ ਨੂੰ ਵਧੇਰੇ ਸੁਖਾਲਾ ਅਤੇ ਆਧੁਨਿਕ ਵੀ ਬਣਾਉਂਦੇ ਹਨ। ਸਟੇਸ਼ਨ ’ਤੇ ਮੌਜ਼ੂਦ ਯਾਤਰੀਆਂ ਨੇ ਇਸ ਪੇਸ਼ਕਾਰੀ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਈਆਂ ਨੇ ਮੌਕੇ ’ਤੇ ਹੀ ਡਿਜੀਟਲ ਮਾਧਿਅਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੁਹਿੰਮ ਦਾ ਮੁੱਖ ਉਦੇਸ਼ ਯਾਤਰੀਆਂ ਨੂੰ ‘ਰੇਲਵਨ’ ਐਪ ਦੀ ਵਰਤੋਂ ਲਈ ਉਤਸ਼ਾਹਿਤ ਕਰਨਾ ਹੈ। ਰੇਲਵੇ ਅਧਿਕਾਰੀਆਂ ਅਨੁਸਾਰ ਇਸ ਐਪ ਰਾਹੀਂ ਟਿਕਟ ਬੁੱਕ ਕਰਨ ਦੇ ਕਈ ਵੱਡੇ ਫਾਇਦੇ ਹਨ ਯਾਤਰੀਆਂ ਨੂੰ ਹੁਣ ਸਟੇਸ਼ਨ ’ਤੇ ਆ ਕੇ ਟਿਕਟ ਲਈ ਲਾਈਨ ਵਿੱਚ ਲੱਗਣ ਦੀ ਲੋੜ ਨਹੀਂ ਪਵੇਗੀ। ਇਸ ਐਪ ਰਾਹੀਂ ਟਿਕਟ ਬੁੱਕ ਕਰਨ ’ਤੇ ਯਾਤਰੀਆਂ ਨੂੰ 3 ਪ੍ਰਤੀਸ਼ਤ ਦੀ ਛੋਟ ਦਿੱਤੀ ਜਾ ਰਹੀ ਹੈ। ਡਿਜੀਟਲ ਭੁਗਤਾਨ ਹੋਣ ਕਾਰਨ ਨਕਦ ਪੈਸਿਆਂ ਜਾਂ ‘ਛੁੱਟੇ ਪੈਸਿਆਂ’ ਦੇ ਲੈਣ-ਦੇਣ ਦੀ ਚਿੰਤਾ ਖਤਮ ਹੋ ਜਾਂਦੀ ਹੈ। ਪੇਪਰ ਰਹਿਤ ਟਿਕਟਿੰਗ ਹੋਣ ਕਾਰਨ ਇਹ ਵਾਤਾਵਰਣ ਨੂੰ ਬਚਾਉਣ ਵੱਲ ਵੀ ਇੱਕ ਅਹਿਮ ਕਦਮ ਹੈ। ਰੇਲਵੇ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਯਾਤਰੀ ਇਸ ਤਕਨੀਕ ਨੂੰ ਅਪਣਾਉਣ ਤਾਂ ਜੋ ਉਨ੍ਹਾਂ ਦਾ ਸਫਰ ਹੋਰ ਵੀ ਸੁਵਿਧਾਜਨਕ ਹੋ ਸਕੇ। ਇਸ ਪ੍ਰੋਗਰਾਮ ਦੌਰਾਨ ਯਾਤਰੀਆਂ ਨੇ ‘ਰੇਲਵਨ’ ਐਪ ਨੂੰ ਡਾਊਨਲੋਡ ਕਰਨ ਅਤੇ ਇਸ ਦੀ ਵਰਤੋਂ ਕਰਨ ਵਿਚ ਡੂੰਘੀ ਦਿਲਚਸਪੀ ਦਿਖਾਈ।