ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮਿਲੇ ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ
ਡੇਰਾ ਬਿਆਸ ਦੇ ਮੁੱਖੀ ਅਤੇ ਸਮਾਜ ਸੁਧਾਰਕ ਗੁਰਿੰਦਰ ਸਿੰਘ ਢਿੱਲੋਂ ਨੇ ਸਾਬਕਾ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਕੀਤੀ ਮੁਲਾਕਾਤ
Publish Date: Tue, 10 Feb 2026 05:45 PM (IST)
Updated Date: Tue, 10 Feb 2026 05:47 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਡੇਰਾ ਬਿਆਸ ਦੇ ਮੁੱਖੀ ਅਤੇ ਸਮਾਜ ਸੁਧਾਰਕ ਗੁਰਿੰਦਰ ਸਿੰਘ ਢਿੱਲੋਂ ਨੇ ਮੰਗਲਵਾਰ ਨੂੰ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਅਤੇ ਸਾਬਕਾ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿਵਾਸ ਸਥਾਨ ’ਤੇ ਪਹੁੰਚ ਕੇ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਵਿਚਕਾਰ ਲਗਭਗ ਇੱਕ ਘੰਟੇ ਤੱਕ ਸਮਾਜਿਕ, ਧਾਰਮਿਕ ਅਤੇ ਸਮਸਾਮਾਇਕ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਹੋਇਆ। ਰਾਣਾ ਗੁਰਮੀਤ ਸਿੰਘ ਸੋਢੀ ਨੇ ਆਪਣੇ ਨਿਵਾਸ ‘ਤੇ ਪਹੁੰਚਣ ’ਤੇ ਗੁਰਿੰਦਰ ਸਿੰਘ ਢਿੱਲੋਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਮੁਲਾਕਾਤ ਦੌਰਾਨ ਖ਼ਾਸ ਤੌਰ ’ਤੇ ਸੂਬੇ ਵਿਚ ਨਸ਼ੇ ਦੇ ਵੱਧਦੇ ਖ਼ਤਰੇ ਅਤੇ ਇਸ ਨਾਲ ਨਜਿੱਠਣ ਲਈ ਸਮਾਜ ਦੀ ਭੂਮਿਕਾ ’ਤੇ ਚਰਚਾ ਹੋਈ। ਰਾਣਾ ਸੋਢੀ ਨੇ ਕਿਹਾ ਕਿ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਰਾਜਪਾਲ ਦੀ ਅਗਵਾਈ ਵਿਚ ਕੱਢੀ ਗਈ ਪਦਯਾਤਰਾ ਵਿਚ ਸ਼ਾਮਲ ਹੋਣਾ ਇਕ ਇਤਿਹਾਸਕ ਪਹਿਲ ਹੈ, ਜਿਸ ਨਾਲ ਫਿਰੋਜ਼ਪੁਰ ਸਮੇਤ ਪੂਰੇ ਪੰਜਾਬ ਦੇ ਲੋਕਾਂ ਦਾ ਮਨੋਬਲ ਵਧਿਆ ਹੈ। ਉਨ੍ਹਾਂ ਕਿਹਾ ਕਿ ਬਾਬਾ ਗੁਰਿੰਦਰ ਸਿੰਘ ਵੱਲੋਂ ਪੈਦਲ ਚੱਲ ਕੇ ਆਪਣੀ ਸੰਗਤ ਅਤੇ ਆਮ ਜਨਤਾ ਨੂੰ ਨਸ਼ੇ ਦੇ ਖ਼ਿਲਾਫ਼ ਜਾਗਰੂਕ ਕਰਨ ਦਾ ਸੰਦੇਸ਼ ਬਹੁਤ ਹੀ ਪ੍ਰੇਰਣਾਦਾਇਕ ਹੈ। ਇੰਨੀ ਵੱਡੀ ਆਧਿਆਤਮਿਕ ਸ਼ਖਸੀਅਤ ਦਾ ਖੁਦ ਅੱਗੇ ਆ ਕੇ ਨਸ਼ੇ ਵਿਰੁੱਧ ਮੁਹਿੰਮ ਦਾ ਹਿੱਸਾ ਬਣਨਾ ਸਮਾਜ ਲਈ ਮਜ਼ਬੂਤ ਸੰਦੇਸ਼ ਹੈ। ਇਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਨਸ਼ੇ ਵਰਗੀ ਸਮਾਜਿਕ ਬੁਰਾਈ ਦੇ ਖ਼ਿਲਾਫ਼ ਹੁਣ ਪੂਰਾ ਸਮਾਜ ਇਕਜੁੱਟ ਹੋ ਰਿਹਾ ਹੈ। ਰਾਣਾ ਸੋਢੀ ਨੇ ਵਿਸ਼ਵਾਸ ਜਤਾਇਆ ਕਿ ਅਜੇਹੀਆਂ ਕੋਸ਼ਿਸ਼ਾਂ ਨਾਲ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਵੱਲ ਠੋਸ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਧਰਮ, ਸਮਾਜ ਅਤੇ ਪ੍ਰਸ਼ਾਸਨ ਮਿਲ ਕੇ ਕਿਸੇ ਬੁਰਾਈ ਦੇ ਵਿਰੁੱਧ ਖੜ੍ਹੇ ਹੁੰਦੇ ਹਨ ਤਾਂ ਬਦਲਾਅ ਨਿਸ਼ਚਿਤ ਹੁੰਦਾ ਹੈ।