ਡੀਈਓ ਨੇ ਸਕੂਲਾਂ ’ਚ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਡੀਈਓ ਸੈਕੰਡਰੀ ਫ਼ਿਰੋਜ਼ਪੁਰ ਵੱਲੋਂ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਸਕੂਲਾਂ ਦਾ ਲਿਆ ਜਾਇਜ਼ਾ
Publish Date: Mon, 19 Jan 2026 05:04 PM (IST)
Updated Date: Mon, 19 Jan 2026 05:06 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 26 ਜਨਵਰੀ ਨੂੰ ਗਣਤੰਤਰ ਦਿਵਸ ਦਾ ਸਮਾਗਮ ਰਾਸ਼ਟਰੀ ਏਕਤਾ, ਅਖੰਡਤਾ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਨਾਇਆ ਜਾ ਰਿਹਾ ਹੈ, ਜਿਸ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਗਤੀਵਿਧੀਆਂ ਦੀਆਂ ਤਿਆਰੀਆਂ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਜਾਰੀ ਹਨ। ਇਨ੍ਹਾਂ ਤਿਆਰੀਆਂ ਦੀ ਅਗਵਾਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਮੁਨੀਲਾ ਅਰੋੜਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਸੁਨੀਤਾ ਰਾਣੀ ਵੱਲੋਂ ਕੀਤੀ ਜਾ ਰਹੀ ਹੈ, ਜਦਕਿ ਡਿਪਟੀ ਡੀਈਓ (ਸੈ.ਸਿੱ) ਡਾ. ਸਤਿੰਦਰ ਸਿੰਘ ਅਤੇ ਡਿਪਟੀ ਡੀਈਓ (ਐ.ਸਿੱ) ਕੋਮਲ ਅਰੋੜਾ ਵੱਲੋਂ ਵੀ ਤਿਆਰੀਆਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ, ਰਾਸ਼ਟਰੀ ਏਕਤਾ ’ਤੇ ਆਧਾਰਿਤ ਪ੍ਰਭਾਵਸ਼ਾਲੀ ਕੋਰੀਓਗ੍ਰਾਫੀ, ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਜਾਵੇਗਾ, ਜੋ ਨੌਜਵਾਨ ਪੀੜ੍ਹੀ ਵਿਚ ਦੇਸ਼ ਪ੍ਰਤੀ ਮਾਣ, ਗੌਰਵ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ। ਸਮਾਗਮ ਲਈ ਕੀਤੀਆਂ ਜਾ ਰਹੀਆਂ ਸੱਭਿਆਚਾਰਕ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਡੀਈਓ ਸੈਕੰਡਰੀ ਮੁਨੀਲਾ ਅਰੋੜਾ, ਸੱਭਿਆਚਾਰਕ ਗਤੀਵਿਧੀਆਂ ਦੇ ਕੋਆਰਡੀਨੇਟਰ ਰਵੀ ਇੰਦਰ ਸਿੰਘ, ਈਸ਼ਵਰ ਸ਼ਰਮਾ ਅਤੇ ਸਰਬਜੀਤ ਸਿੰਘ ਭਾਵੜਾ ਵੱਲੋਂ ਵੱਖ-ਵੱਖ ਸਕੂਲਾਂ ਦਾ ਦੌਰਾ ਕਰਕੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੂੰ ਪਰਖਿਆ ਗਿਆ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਹੋਰ ਵਧੀਆ ਤਿਆਰੀ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਡੀਈਓ ਮੁਨੀਲਾ ਅਰੋੜਾ ਨੇ ਦੱਸਿਆ ਕਿ ਗਣਤੰਤਰ ਦਿਵਸ ਸਮਾਗਮ ਦੌਰਾਨ ਐਨ.ਸੀ.ਸੀ. ਦੇ ਵਿਦਿਆਰਥੀਆਂ ਵੱਲੋਂ ਪੁਲਿਸ ਬੈਂਡ ਦੇ ਨਾਲ-ਨਾਲ ਸਕੂਲ ਬੈਂਡ ਦੀਆਂ ਟੀਮਾਂ, ਭਾਰਤ ਸਕਾਊਟਸ ਅਤੇ ਗਾਈਡਸ, ਅਤੇ ਦੇਸ਼ ਭਗਤੀ ਤੇ ਸੱਭਿਆਚਾਰ ਨਾਲ ਸਬੰਧਤ ਵਿਸ਼ੇਸ਼ ਕੋਰੀਓਗ੍ਰਾਫੀ ਪੇਸ਼ ਕੀਤੀ ਜਾਵੇਗੀ ਅਤੇ ਉਨ੍ਹਾਂ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਪੂਰੇ ਅਨੁਸ਼ਾਸਨ, ਉਤਸ਼ਾਹ ਅਤੇ ਜੋਸ਼ ਨਾਲ ਭਾਗ ਲੈ ਕੇ ਇਸ ਰਾਸ਼ਟਰੀ ਤਿਉਹਾਰ ਨੂੰ ਯਾਦਗਾਰ ਬਣਾਉਣ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਸਮਾਗਮ ਲਈ ਪਹਿਲੀ ਰਿਹਰਸਲ 21 ਜਨਵਰੀ ਨੂੰ ਅਤੇ 24 ਜਨਵਰੀ ਨੂੰ ਫੁੱਲ ਡਰੈੱਸ ਰਿਹਰਸਲ ਕੈਂਟ ਬੋਰਡ ਗਰਾਊਂਡ ਫ਼ਿਰੋਜ਼ਪੁਰ ਵਿਖੇ ਕਰਵਾਈ ਜਾਵੇਗੀ।