‘ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ’ ਵਿਸ਼ੇਸ਼ ਅੰਕ ਲਈ ਮੰਗੀਆਂ ਰਚਨਾਵਾਂ
‘ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ’ ਵਿਸ਼ੇਸ਼ ਅੰਕ ਲਈ ਰਚਨਾਵਾਂ ਦੀ ਮੰਗ: ਜ਼ਿਲ੍ਹਾ ਭਾਸ਼ਾ ਅਫ਼ਸਰ
Publish Date: Tue, 13 Jan 2026 05:30 PM (IST)
Updated Date: Tue, 13 Jan 2026 05:33 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਭਾਸ਼ਾ ਵਿਭਾਗ ਪੰਜਾਬ ਨੇ ਆਪਣੇ ਗੁਣਾਤਮਿਕ ਅਤੇ ਅਮੀਰ ਪ੍ਰਕਾਸ਼ਨਾ ਕਾਰਜ ਕਰਕੇ ਸਾਹਿਤਕ ਪ੍ਰੇਮੀਆਂ ਦੇ ਦਿਲਾਂ ਵਿਚ ਵਿਸ਼ੇਸ਼ ਥਾਂ ਬਣਾਈ ਹੈ। ਇਹ ਕਾਰਜ ਨਿਰਦੇਸ਼ਕ, ਭਾਸ਼ਾ ਵਿਭਾਗ, ਪੰਜਾਬ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿਚ ਨਿਰੰਤਰ ਜਾਰੀ ਹੈ। ਪਿਛਲੇ ਕਈ ਦਹਾਕਿਆਂ ਤੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਦੋ ਪੰਜਾਬੀ ਦੇ, ਇੱਕ ਹਿੰਦੀ ਦਾ ਅਤੇ ਇੱਕ ਉਰਦੂ ਦਾ ਰਸਾਲਾ ਨਿਰੰਤਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਜੀ ਦਾ ਪੰਜਾਬ ਦੀ ਸਿਆਸਤ ਦੇ ਨਾਲ-ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਚ ਵਿਸ਼ੇਸ਼ ਯੋਗਦਾਨ ਹੈ। 1966 ਵਿੱਚ ਪੰਜਾਬੀ ਸੂਬੇ ਦੀ ਸਥਾਪਨਾ ਵੇਲੇ ‘ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ’ ਪੰਜਾਬ ਦੇ ਮੁੱਖ ਮੰਤਰੀ ਸਨ। ਉਹਨਾਂ ਦੀ 50ਵੀਂ ਬਰਸੀ ਮੌਕੇ ਉਨ੍ਹਾਂ ਦੇ ਪੰਜਾਬੀ ਸਾਹਿਤ ਅਤੇ ਪੰਜਾਬ ਦੀ ਸਿਆਸਤ ਨੂੰ ਦਿੱਤੇ ਯੋਗਦਾਨ ਨੂੰ ਯਾਦ ਕਰਦੇ ਹੋਏ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਰਸਾਲੇ ‘ਜਨ ਸਾਹਿਤ’ ਲਈ ‘ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ’ ਵਿਸ਼ੇਸ਼ ਅੰਕ (ਜਨਵਰੀ-ਮਾਰਚ 2026) ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਜਗਦੀਪ ਸਿੰਘ ਸੰਧੂ ਨੇ ਦੱਸਿਆ ਕਿ ਇਸ ਅੰਕ ਦੇ ਗੁਣਾਤਮਿਕ ਅਤੇ ਸਾਹਿਤਕ ਮਿਆਰ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਸਾਹਿਤਕਾਰਾਂ/ਲੇਖਕਾਂ ਪਾਸੋਂ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਦੀਆਂ ਪ੍ਰਾਪਤੀਆਂ/ਸਾਹਿਤ (ਕਵਿਤਾ, ਕਹਾਣੀ, ਜੀਵਨੀ) ਤੇ ਪੰਜਾਬ ਦੀ ਸਿਆਸਤ ਵਿੱਚ ਪਾਏ ਯੋਗਦਾਨ ਤੋਂ ਇਲਾਵਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਵਿਚ ਪਾਏ ਯੋਗਦਾਨ ਸੰਬੰਧੀ ਲੇਖ ਮਿਤੀ 10 ਫ਼ਰਵਰੀ 2026 ਤੱਕ ਭੇਜਣ ਲਈ ਬੇਨਤੀ ਕੀਤੀ ਜਾਂਦੀ ਹੈ। ਰਚਨਾਵਾਂ ਭੇਜਣ ਵੇਲੇ ਲੇਖਕ ਵੱਲੋਂ ਰਚਨਾ ਦੇ ਮੌਲਿਕ ਅਤੇ ਅਣ-ਪ੍ਰਕਾਸ਼ਿਤ ਹੋਣ ਸੰਬੰਧੀ ਤਸਦੀਕ ਕਰਕੇ ਸਰਟੀਫਿਕੇਟ ਭੇਜਿਆ ਜਾਵੇ ਅਤੇ ਨਾਲ ਹੀ ਆਪਣਾ ਪੂਰਾ ਪਤਾ ਤੇ ਫੋਨ ਨੰਬਰ ਦਰਜ ਕੀਤਾ ਜਾਵੇ।