ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ‘ਭਾਰਤ ਰਤਨ’ ਦੀ ਮੰਗ ਕੇਂਦਰ ਨੇ ਨਹੀਂ ਮੰਨੀ : ਸੀਐੱਮ ਮਾਨ
ਸ਼ਹੀਦਾਂ ਨੂੰ ‘ਭਾਰਤ ਰਤਨ’ ਦਿੱਤੇ ਜਾਣ ਦੀ ਕੀਤੀ ਸੀ ਮੰਗ
Publish Date: Mon, 23 Mar 2026 07:42 PM (IST)
Updated Date: Mon, 23 Mar 2026 07:46 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਉਨ੍ਹਾਂ ਦੇ ਸੁਪਨਿਆਂ ਦਾ ‘ਰੰਗਲਾ ਪੰਜਾਬ’ ਬਣਾਉਣ ਦੀ ਵਚਨਬੱਧਤਾ ਦੁਹਰਾਈ। ਇਸ ਦੌਰਾਨ ਉਨ੍ਹਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਅਤੇ 24.99 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹੁਸੈਨੀਵਾਲਾ ਵਿਰਾਸਤੀ ਕੰਪਲੈਕਸ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੋਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ, ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ, ਵਿਧਾਇਕ ਜਗਦੀਪ ‘ਗੋਲਡੀ’ ਕੰਬੋਜ, ਵਿਧਾਇਕ ਰਜਨੀਸ਼ ਦਹੀਆ, ਵਿਧਾਇਕ ਫੌਜਾ ਸਿੰਘ ਸਰਾਰੀ, ਵਿਧਾਇਕ ਨਰੇਸ਼ ਕਟਾਰੀਆ ਵੀ ਮੌਜੂਦ ਸਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਮਹਾਨ ਕ੍ਰਾਂਤੀਕਾਰੀਆਂ ਨੂੰ ਅਜੇ ਤੱਕ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ‘ਭਾਰਤ ਰਤਨ’ ਨਾ ਦੇਣਾ ਦੁੱਖਦਾਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਨੇ ਇਹ ਮੰਗ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਜੇਕਰ ਆਜ਼ਾਦੀ ਤੋਂ ਬਾਅਦ ਦੇਸ਼ ਦੀ ਕਮਾਨ ਅਜਿਹੇ ਨੌਜਵਾਨਾਂ ਦੇ ਹੱਥ ਹੁੰਦੀ ਤਾਂ ਦੇਸ਼ ਦਾ ਰੂਪ ਬਿਲਕੁਲ ਵੱਖਰਾ ਹੁੰਦਾ।ਮਾਨ ਨੇ ਕਿਹਾ ਕਿ ਜੇਕਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣਦੇ ਜਾਂ ਨੌਜਵਾਨਾਂ ਨੂੰ ਅਗਵਾਈ ਮਿਲਦੀ ਤਾਂ ਭਾਰਤ ਅੱਜ ਵਿਸ਼ਵ ਦਾ ਮੋਹਰੀ ਦੇਸ਼ ਹੁੰਦਾ। ਉਨ੍ਹਾਂ ਉਦਾਹਰਨ ਦੇ ਕੇ ਕਿਹਾ ਕਿ ਅੱਜ ਵੀ ਕੁਝ ਦੇਸ਼ਾਂ ਵਿੱਚ ਨੌਜਵਾਨ ਆਗੂ ਅੱਗੇ ਆ ਰਹੇ ਹਨ, ਜਿਸ ਨਾਲ ਤਰੱਕੀ ਦੀ ਰਫਤਾਰ ਵਧਦੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਕਈ ਸਿਆਸੀ ਆਗੂਆਂ ਨੇ ਆਪਣੇ ਨਾਮ ’ਤੇ ਸਮਾਰਕ ਤੇ ਸਟੇਡੀਅਮ ਬਣਾਏ, ਪਰ ਸ਼ਹੀਦਾਂ ਲਈ ਯੋਗ ਸਨਮਾਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੁਝ ਲੋਕ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਨਾ ਲੈਣ ਦੇ ਬਾਵਜੂਦ ਉਸਦਾ ਸਿਹਰਾ ਆਪਣੇ ਸਿਰ ਬੰਨ੍ਹਦੇ ਹਨ, ਜੋ ਕਿ ਸ਼ਹੀਦਾਂ ਨਾਲ ਨਿਆਂ ਨਹੀਂ। ਹੁਸੈਨੀਵਾਲਾ ਵਿੱਚ ਬਣਨ ਵਾਲਾ ਵਿਰਾਸਤੀ ਕੰਪਲੈਕਸ ਸ਼ਹੀਦਾਂ ਦੀ ਯਾਦ ਨੂੰ ਸੰਭਾਲਣ ਦੇ ਨਾਲ-ਨਾਲ ਸੈਰ-ਸਪਾਟੇ ਨੂੰ ਵੀ ਵਧਾਵੇਗਾ। ਇਸ ਵਿੱਚ ਪ੍ਰਵੇਸ਼ ਦੁਆਰ, ਸ਼ਹੀਦਾਂ ਦੇ ਜੀਵਨ ਨਾਲ ਸੰਬੰਧਿਤ ਗੈਲਰੀਆਂ, ਮਿਊਰਲ ਆਰਟ, 3-ਡੀ ਮੈਪਿੰਗ ਸ਼ੋਅ, ਸੰਗੀਤਕ ਫੁਹਾਰਾ, ਬੱਚਿਆਂ ਲਈ ਖੇਡ ਖੇਤਰ ਅਤੇ ਹੋਰ ਸੁਵਿਧਾਵਾਂ ਸ਼ਾਮਲ ਹੋਣਗੀਆਂ। ਇਸ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਡੀ.ਆਈ.ਜੀ. ਸਨੇਹਦੀਪ ਸ਼ਰਮਾ, ਐਸ.ਐਸ.ਪੀ. ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ, ਚੇਅਰਮੈਨ ਪੰਜਾਬ ਐਗਰੋ ਸ਼ਮਿੰਦਰ ਖਿੰਡਾ, ਚੇਅਰਮੈਨ ਬੀ.ਸੀ. ਕਮਿਸ਼ਨ ਪੰਜਾਬ ਡਾ. ਮਲਕੀਤ ਸਿੰਘ ਥਿੰਦ ,ਨਸ਼ਾ ਵਿਰੋਧੀ ਕੁਆਰਡੀਨੇਟਰ ਡਾਕਟਰ ਅਮਨਦੀਪ ਕੋਰ , ਆਪ ਆਗੂ ਰਾਜ ਬਹਾਦੁਰ ਸਿੰਘ ਗਿੱਲ, ਡਾਕਟਰ ਅੰਮ੍ਰਿਤਪਾਲ ਸਿੰਘ ਸੋਢੀ, ਬਲਾਕ ਸੰਮਤੀ ਮੈਂਬਰ ਸੁਖਚੈਨ ਸਿੰਘ ਖਾਈ ,ਬਲਾਕ ਸੰਮਤੀ ਮੈਂਬਰ ਦਿਲਬਾਗ ਸਿੰਘ, ਹਿਮਾਂਸ਼ੂ ਠੱਕਰ, ਕਿੱਕਰ ਸਿੰਘ ਕੁਤਬੇਵਾਲਾ , ਅਭੀ ਬਰਾੜ, ਜਗਦੀਪ ਸਿੰਘ ਸੰਧੂ, ਗੁਰਬਾਗ ਸਿੰਘ ਸੰਧੁ, ਜੋਗਿੰਦਰ ਸਿੰਘ ਮਾਣਕ ਅਤੇ ਹੋਰ ਵੀ ਕਈ ਹਾਜ਼ਰ ਸਨ।