ਡਲਿਵਰੀਮੈਨ ਨੇ ਚੋਰੀ ਕੀਤੇ 18 ਸਿਲੰਡਰ, ਪਰਚਾ
ਗੈਸ ਏਜੰਸੀ ਦੇ ਮਾਲਕ ਦੀ ਗੈਰ-ਹਾਜ਼ਰੀ ’ਚ ਡਲਿਵਰੀਮੈਨ ਨੇ ਚੋਰੀ ਕੀਤੇ 18 ਸਿਲੰਡਰ, ਪੁਲਿਸ ਵੱਲੋਂ ਮਾਮਲਾ ਦਰਜ
Publish Date: Fri, 13 Mar 2026 05:43 PM (IST)
Updated Date: Fri, 13 Mar 2026 05:45 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਇਕ ਗੈਸ ਏਜੰਸੀ ਵਿੱਚੋਂ ਸਿਲੰਡਰ ਚੋਰੀ ਕਰਨ ਦੇ ਦੋਸ਼ ’ਚ ਇਕ ਡਲਿਵਰੀਮੈਨ ਖਿਲਾਫ 316 (2) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਏਜੰਸੀ ਮਾਲਕ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਲੰਬੀ ਪੜਤਾਲ ਤੋਂ ਬਾਅਦ ਅਮਲ ਵਿਚ ਲਿਆਂਦੀ ਗਈ ਹੈ। ਜਾਵੇਦ ਅਖਤਰ ਪੁੱਤਰ ਅਖਤਰ ਹਸਨ ਵਾਸੀ ਗਲੀ ਨੰਬਰ 4, ਬਾਬਾ ਰਾਮ ਲਾਲ ਨਗਰ, ਫਿਰੋਜ਼ਪੁਰ ਸ਼ਹਿਰ ਜੋ ਕਿ ਫਿਰੋਜ਼ਪੁਰ ਸ਼ਹਿਰ ਦੇ ਨਾਮਦੇਵ ਚੌਂਕ ਸਥਿਤ ‘ਇੰਡੇਨ ਮੂਨ ਗੈਸ ਏਜੰਸੀ’ ਦੇ ਮਾਲਕ ਹਨ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਏਜੰਸੀ ਵਿਚ ਅਜੇ ਕੁਮਾਰ ਵਾਸੀ ਬਸਤੀ ਸ਼ੇਖਾ ਵਾਲੀ ਬਤੌਰ ਡਲਿਵਰੀਮੈਨ ਕੰਮ ਕਰਦਾ ਸੀ। ਅਕਤੂਬਰ 2025 ਵਿਚ ਜਦੋਂ ਮਾਲਕ ਏਜੰਸੀ ਵਿਚ ਮੌਜ਼ੂਦ ਨਹੀਂ ਸੀ, ਤਾਂ ਅਜੇ ਕੁਮਾਰ ਨੇ ਕੰਪਨੀ ਦੇ 18 ਭਰੇ ਹੋਏ ਗੈਸ ਸਿਲੰਡਰ ਚੋਰੀ ਕਰ ਲਏ ਅਤੇ ਅੱਗੇ ਵੇਚ ਦਿੱਤੇ। ਇਨ੍ਹਾਂ ਸਿਲੰਡਰਾਂ ਦੀ ਕੁੱਲ ਕੀਮਤ ਕਰੀਬ 56 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਜਦੋਂ ਇਸ ਚੋਰੀ ਬਾਰੇ ਏਜੰਸੀ ਮਾਲਕ ਨੂੰ ਪਤਾ ਲੱਗਾ, ਤਾਂ ਮੁਲਜ਼ਮ ਅਜੇ ਕੁਮਾਰ ਨੇ ਆਪਣੀ ਗਲਤੀ ਮੰਨ ਲਈ ਸੀ ਅਤੇ ਭਰੋਸਾ ਦਿੱਤਾ ਸੀ ਕਿ ਉਹ ਜਲਦ ਹੀ ਸਿਲੰਡਰਾਂ ਦੀ ਰਕਮ ਅਦਾ ਕਰ ਦੇਵੇਗਾ। ਪਰ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਉਸ ਨੇ ਪੈਸੇ ਨਹੀਂ ਮੋੜੇ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਰਮਨ ਕੁਮਾਰ ਵੱਲੋਂ ਕੀਤੀ ਗਈ। ਉਪ ਕਪਤਾਨ ਪੁਲਿਸ (ਸ਼ਹਿਰੀ) ਅਤੇ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਦੀ ਮਨਜ਼ੂਰੀ ਤੋਂ ਬਾਅਦ ਮੁਲਜ਼ਮ ਅਜੇ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।