ਜਨਗਣਨਾ ਡਿਊਟੀ ਸਬੰਧੀ ਸਾਂਝਾ ਅਧਿਆਪਕ ਮੋਰਚਾ ਦਾ ਵਫਦ ਐੱਸਡੀਐੱਮ ਜ਼ੀਰਾ ਨੂੰ ਮਿਲਿਆ
ਜਨਗਣਨਾ ਡਿਊਟੀ ਸਬੰਧੀ ਸਾਂਝਾ ਅਧਿਆਪਕ ਮੋਰਚਾ ਦਾ ਵਫਦ ਐੱਸਡੀਐੱਮ ਜ਼ੀਰਾ ਨੂੰ ਮਿਲਿਆ
Publish Date: Fri, 24 Apr 2026 04:10 PM (IST)
Updated Date: Fri, 24 Apr 2026 04:13 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸਾਂਝਾ ਅਧਿਆਪਕ ਮੋਰਚਾ ਦਾ ਵਫਦ ਨਵੀਨ ਸਚਦੇਵਾ, ਬਲਵਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ ਭੁੱਟੋ, ਬਾਜ਼ ਸਿੰਘ ਭੁੱਲਰ, ਜਗਸੀਰ ਸਿੰਘ ਗਿੱਲ ਦੀ ਅਗਵਾਈ ਹੇਠ ਜਨਗਣਨਾ 2026 ਵਿਚ ਲੱਗੀਆਂ ਅਧਿਆਪਕਾਂ ਦੀਆਂ ਡਿਊਟੀਆਂ ਦੌਰਾਨ ਆ ਰਹੀਆਂ ਸਮੱਸਿਆਵਾਂ ਸਬੰਧੀ ਅਰਵਿੰਦਰਪਾਲ ਸਿੰਘ ਐੱਸਡੀਐੱਮ ਜ਼ੀਰਾ ਨੂੰ ਮਿਲਿਆ। ਇਸ ਸਮੇਂ ਮੋਰਚੇ ਵੱਲੋਂ ਜਨਗਣਨਾ ਡਿਊਟੀ ਦੌਰਾਨ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਸਬੰਧੀ ਇਕ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿਚ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਤਹਿਸੀਲ ਜ਼ੀਰਾ ਦੇ ਸਰਕਾਰੀ ਸਕੂਲਾਂ ਦਾ ਲਗਭਗ 90 ਪ੍ਰਤੀਸ਼ਤ ਸਟਾਫ਼ ਜਨਗਣਨਾ ਡਿਊਟੀ ਉੱਤੇ ਲਗਾਇਆ ਗਿਆ ਹੈ, ਜੋ ਕਿ ਤਰਕ ਸੰਗਤ ਨਹੀਂ ਹੈ, ਸਕੂਲਾਂ ਵਿਚ ਵਿਦਿਆਰਥੀਆਂ ਦਾ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਹੈ ਅਤੇ ਵਿਦਿਆਰਥੀਆਂ ਦੇ ਦਾਖਲੇ ਵੀ ਚੱਲ ਰਹੇ ਹਨ। ਮੋਰਚਾ ਮੰਗ ਕਰਦਾ ਹੈ ਕਿ ਅਧਿਆਪਕਾਂ ਦੀਆਂ ਕੇਵਲ 40 ਪ੍ਰਤੀਸ਼ਤ ਸਟਾਫ਼ ਦੀਆਂ ਡਿਊਟੀਆਂ ਹੀ ਲਗਾਈਆਂ ਜਾਣ ਅਤੇ ਦੂਜੇ ਮਹਿਕਮਿਆਂ ਵਿੱਚੋਂ ਵੀ ਅਨੁਪਾਤ ਅਨੁਸਾਰ ਮੁਲਾਜ਼ਮ ਨਿਯੁਕਤ ਕੀਤੇ ਜਾਣ। ਸਕੂਲਾਂ ਦੇ ਸਟਾਫ ਦੀਆਂ ਡਿਊਟੀਆਂ ਲਗਾਉਣ ਸਮੇਂ ਕਪਲ ਕੇਸਾਂ ਦੀ ਡਿਊਟੀ ਵੀ ਲਗਾ ਦਿੱਤੀ ਗਈ ਹੈ,ਜਿਸ ਵਿੱਚ ਪਤੀ-ਪਤਨੀ ਵਿੱਚੋਂ ਇਕ ਨੂੰ ਛੋਟ ਦਿੱਤੀ ਜਾਵੇ। ਅੰਗਹੀਣ ਮੁਲਾਜ਼ਮਾਂ ਅਤੇ ਗੰਭੀਰ ਬਿਮਾਰੀ ਤੋਂ ਪੀੜਿਤ ਮੁਲਾਜ਼ਮਾਂ, ਕਿਸੇ ਪਰਿਵਾਰਿਕ ਮੈਂਬਰ ਦੀ ਗੰਭੀਰ ਬਿਮਾਰੀ ਤੋਂ ਪੀੜਿਤ ਹੋਣ ਕਾਰਨ, ਗਰਭਵਤੀ ਮਹਿਲਾ ਮੁਲਾਜ਼ਮਾਂ, ਪੰਜ ਸਾਲ ਤੋਂ ਛੋਟੇ ਬੱਚਿਆਂ ਦੀਆਂ ਮਾਵਾਂ ਆਦਿ ਨੂੰ ਜਨਗਣਨਾ ਡਿਊਟੀ ਤੋਂ ਛੂਟ ਦਿੱਤੀ ਜਾਵੇ।ਡਿਊਟੀਆਂ ਅਧਿਆਪਕਾਂ ਦੇ ਆਪਣੇ ਰਿਹਾਇਸ਼ੀ ਖੇਤਰ ਵਿਚ ਹੀ ਲਗਾਈਆਂ ਜਾਣ ,ਡਿਊਟੀ ਕਰ ਰਹੇ ਅਧਿਆਪਕਾਂ ਨੂੰ ਮਾਣ ਭੱਤੇ ਦੇ ਨਾਲ- ਨਾਲ ਛੁੱਟੀ ਵਾਲੇ ਦਿਨ ਦੇ ਕੰਮ ਜਾਂ ਟ੍ਰੇਨਿੰਗਾਂ ਦੌਰਾਨ ਵਿਸ਼ੇਸ਼ ਛੁੱਟੀ ਦਿੱਤੀ ਜਾਵੇ। ਜਨਗਣਨਾ ਡਿਊਟੀ ਦੌਰਾਨ ਅਧਿਆਪਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।ਜਨਗਣਨਾ ਡਿਊਟੀ ਸ਼ੁਰੂ ਹੋਣ ਤੋਂ ਲੈ ਕੇ ਅੰਤ ਤੱਕ ਨਿਯੁਕਤ ਕੀਤੇ ਗਏ ਅਮਲੇ ਦਾ ਦੋ ਕਰੋੜ ਦਾ ਵਿਸ਼ੇਸ਼ ਬੀਮਾ ਕੀਤਾ ਜਾਵੇ। ਇਸ ਸਮੇਂ ਗੁਰਵਿੰਦਰ ਸਿੰਘ ਬਰਾੜ, ਹੈੱਡ-ਮਾਸਟਰ ਅਰਵਿੰਦਰ ਸਿੰਘ, ਗੁਰਸ਼ਾਮ ਸਿੰਘ, ਹਰਪਾਲ ਸਿੰਘ, ਜਗਜੀਤ ਸਿੰਘ ਆਦਿ ਆਗੂ ਹਾਜ਼ਰ ਸਨ ।