ਅਕਾਲੀ ਸਿਆਸਤ ’ਚ ਨਵੀਂ ਰੂਹ ਫੂਕਣਗੇ ਪੰਜ ਸਿੰਘ ਸਾਹਿਬਾਨ ਦੇ ਫੈਸਲੇ : ਪੀਰ ਮੁਹੰਮਦ
ਅਕਾਲੀ ਸਿਆਸਤ ਵਿਚ ਨਵੀਂ ਰੂਹ ਫੂਕਣਗੇ ਪੰਜ ਸਿੰਘ ਸਾਹਿਬਾਨ ਦੇ ਫੈਸਲੇ : ਪੀਰ ਮੁਹੰਮਦ
Publish Date: Fri, 06 Feb 2026 04:35 PM (IST)
Updated Date: Fri, 06 Feb 2026 04:38 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ, ਮਖੂ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਿੱਖ ਸਿਆਸਤ ਦੇ ਪ੍ਰਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜਾਬ ਦੇ ਮੌਜ਼ੂਦਾ ਸਿਆਸੀ ਹਾਲਾਤਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਅੰਦਰ ਚੱਲ ਰਹੀ ਹਲਚਲ ਮਹਿਜ਼ ਧੜੇਬੰਦੀ ਨਹੀਂ, ਸਗੋਂ ਪਾਰਟੀ ਦੇ ਪੁਨਰ-ਗਠਨ ਦਾ ਇਕ ਅਹਿਮ ਪੜਾਅ ਹੈ। ਪੀਰ ਮੁਹੰਮਦ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਜਿਸ ਤਰ੍ਹਾਂ ‘ਅਕਾਲੀ ਏਕਤਾ’ ਦਾ ਨਾਅਰਾ ਬੁਲੰਦ ਕੀਤਾ ਹੈ, ਉਸ ਨੇ ਨਿਰਾਸ਼ਾ ਵਿੱਚ ਬੈਠੇ ਵਰਕਰਾਂ ਨੂੰ ਮੁੜ ਜਥੇਬੰਦ ਹੋਣ ਦਾ ਸੁਨੇਹਾ ਦਿੱਤਾ ਹੈ। ਮਜੀਠੀਆ ਵੱਲੋਂ ਸਾਰੇ ਧੜਿਆਂ ਨੂੰ ਇਕੱਠਾ ਕਰਨ ਦੀ ਪਹਿਲਕਦਮੀ ਪਾਰਟੀ ਦੇ ਉੱਜਵਲ ਭਵਿੱਖ ਦੀ ਨੀਂਹ ਰੱਖੇਗੀ। ਪਰ ਇਹ ਏਕਤਾ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਹੋਇਆ ਹੁਕਮਨਾਮੇ ਦੀ ਰੋਸ਼ਨੀ ਅਕਾਲੀ ਦਲ ਦੀ ਹੋਣੀ ਬਦਲ ਦੇਵੇਗਾ। ਪੀਰ ਮੁਹੰਮਦ ਅਨੁਸਾਰ ਇਹ ਹੁਕਮਨਾਮਾ ਸਿਰਫ਼ ਇੱਕ ਧਾਰਮਿਕ ਆਦੇਸ਼ ਨਹੀਂ ਸੀ ਸਗੋਂ ਇਹ ਉਨ੍ਹਾਂ ਸਾਰੀਆਂ ਸਿਆਸੀ ਉਲਝਣਾਂ ਦਾ ਜਵਾਬ ਸੀ ਜਿਨ੍ਹਾਂ ਕਾਰਨ ਅਕਾਲੀ ਦਲ ਅੱਜ ਸੰਕਟ ਵਿੱਚ ਹੈ। ਇਸ ਦੀ ਤਾਸੀਰ ਪਾਰਟੀ ਨੂੰ ‘ਪਰਿਵਾਰਵਾਦ’ ਤੋਂ ਮੁਕਤ ਕਰਕੇ ਮੁੜ ‘ਪੰਥਕ ਸਿਧਾਂਤਾਂ’ ਨਾਲ ਜੋੜੇਗੀ। ਪੀਰ ਮੁਹੰਮਦ ਨੇ ਤਿੱਖੇ ਲਹਿਜ਼ੇ ਵਿੱਚ ਕਿਹਾ ਕਿ ਜੋ ਪਾਰਟੀਆਂ (ਆਪ, ਕਾਂਗਰਸ ਅਤੇ ਭਾਜਪਾ) ਇਹ ਸੋਚ ਰਹੀਆਂ ਸਨ ਕਿ ਅਕਾਲੀ ਦਲ ਇਤਿਹਾਸ ਦਾ ਹਿੱਸਾ ਬਣ ਗਿਆ ਹੈ, ਉਨ੍ਹਾਂ ਨੂੰ ਅਕਾਲੀ ਦਲ ਦੀ ਲੀਡਰਸ਼ਿਪ ਏਕੇ ਰਾਹੀਂ ਸਪੱਸ਼ਟ ਤੌਰ ਤੇ ਜੁਆਬ ਦੇਵੇ। ਬਿਆਨ ਦੇ ਅਖੀਰ ਵਿੱਚ ਉਨ੍ਹਾਂ ਸਾਰੇ ਨਾਰਾਜ਼ ਆਗੂਆਂ ਅਤੇ ਬਾਗੀ ਧੜਿਆਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅੱਗੇ ਸੀਸ ਨਿਵਾਉਂਦੇ ਹੋਏ ਇੱਕਜੁੱਟ ਹੋ ਜਾਣ। ਉਨ੍ਹਾਂ ਕਿਹਾ ਕਿ ਹੁਣ ਸਮਾਂ ਨਿੱਜੀ ਹਿਤਾਂ ਦਾ ਨਹੀਂ, ਸਗੋਂ ਪੰਜਾਬ ਬਚਾਉਣ ਦਾ ਹੈ। ਅਕਾਲੀ ਦਲ ਦੇ ਇਤਿਹਾਸ ਵਿਚ 2 ਦਸੰਬਰ 2024 ਦਾ ਦਿਨ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਸੀ। ਪੰਜ ਸਿੰਘ ਸਾਹਿਬਾਨ ਦਾ ਫੈਸਲਾ ਸਾਰਿਆਂ ਲਈ ਸਿਰ-ਮੱਥੇ ਹੋਣਾ ਚਾਹੀਦਾ ਅਤੇ ਇਹੀ ਫੈਸਲਾ 2027 ਦੀ ਸਿਆਸੀ ਜੰਗ ਦਾ ਰਾਹ ਪੱਧਰਾ ਕਰੇਗਾ।