ਗੈਰ-ਕਾਨੂੰਨੀ ਮਾਈਨਿੰਗ ਰੋਕਣ ਗਈ ਟੀਮ 'ਤੇ ਜਾਨਲੇਵਾ ਹਮਲਾ : ਮਾਫ਼ੀਆ ਨੇ ਪੁਲਿਸ ਨਾਲ ਕੀਤੀ ਧੱਕਾ-ਮੁੱਕੀ, ਸਰਕਾਰੀ ਡਿਊਟੀ 'ਚ ਪਾਇਆ ਵਿਘਨ
ਪੁੱਛਗਿੱਛ ਦੌਰਾਨ ਚਾਲਕ ਕੋਈ ਵੀ ਸਰਕਾਰੀ ਪਰਚੀ ਨਹੀਂ ਦਿਖਾ ਸਕਿਆ ਅਤੇ ਉਸਨੇ ਮੰਨਿਆ ਕਿ ਇਹ ਰੇਤ ਪਿੰਡ ਕਿਲਚੇ ਤੋਂ ਗੈਰ-ਕਾਨੂੰਨੀ ਢੰਗ ਨਾਲ ਭਰੀ ਗਈ ਹੈ। ਜਦੋਂ ਟੀਮ ਨੇ ਟਰੈਕਟਰ-ਟਰਾਲੀ ਨੂੰ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਮੌਜ਼ੂਦ ਕੁਝ ਵਿਅਕਤੀਆਂ ਨੇ ਮਾਈਨਿੰਗ ਵਿਭਾਗ ਅਤੇ ਪੁਲਿਸ ਮੁਲਾਜ਼ਮਾਂ ਨਾਲ ਗਾਲੀ-ਗਲੋਚ ਅਤੇ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ।
Publish Date: Tue, 24 Feb 2026 10:47 AM (IST)
Updated Date: Tue, 24 Feb 2026 10:55 AM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਰੋਕਣ ਗਈ ਮਾਈਨਿੰਗ ਵਿਭਾਗ ਅਤੇ ਪੁਲਿਸ ਦੀ ਟੀਮ ਉੱਤੇ ਹਮਲਾ ਕਰਕੇ ਮਾਫ਼ੀਆ ਵੱਲੋਂ ਰੇਤ ਨਾਲ ਭਰੀ ਟਰੈਕਟਰ-ਟਰਾਲੀ ਜ਼ਬਰਦਸਤੀ ਛੁਡਵਾ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਿਸ ਨੇ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 303 (2), 221 ਬੀਐੱਨਐੱਸ, 21 ਮਾਈਨਿੰਗ ਅਤੇ ਮਿਨਰਲਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਸਹਾਇਕ ਮਾਈਨਿੰਗ ਅਫ਼ਸਰ ਗੁਰਮੀਤ ਸਿੰਘ ਜਲ ਨਿਕਾਸ ਉਸਾਰੀ ਉਪ ਮੰਡਲ ਨੰਬਰ-1 ਵੱਲੋਂ ਦਿੱਤੀ ਸ਼ਿਕਾਇਤ ’ਤੇ 1 ਫਰਵਰੀ 2026 ਨੂੰ ਜਦੋਂ ਉਹ ਆਪਣੀ ਟੀਮ ਅਤੇ ਪੁਲਿਸ ਮੁਲਾਜ਼ਮਾਂ ਨਾਲ ਫਿਰੋਜ਼ਪੁਰ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਵਿਚ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੇ ਕਚਹਿਰੀ ਨੇੜੇ ਰੇਤ ਨਾਲ ਭਰੀ ਇਕ ਮਹਿੰਦਰਾ ਟਰੈਕਟਰ-ਟਰਾਲੀ ਨੂੰ ਰੋਕਿਆ।
ਪੁੱਛਗਿੱਛ ਦੌਰਾਨ ਚਾਲਕ ਕੋਈ ਵੀ ਸਰਕਾਰੀ ਪਰਚੀ ਨਹੀਂ ਦਿਖਾ ਸਕਿਆ ਅਤੇ ਉਸਨੇ ਮੰਨਿਆ ਕਿ ਇਹ ਰੇਤ ਪਿੰਡ ਕਿਲਚੇ ਤੋਂ ਗੈਰ-ਕਾਨੂੰਨੀ ਢੰਗ ਨਾਲ ਭਰੀ ਗਈ ਹੈ। ਜਦੋਂ ਟੀਮ ਨੇ ਟਰੈਕਟਰ-ਟਰਾਲੀ ਨੂੰ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਮੌਜ਼ੂਦ ਕੁਝ ਵਿਅਕਤੀਆਂ ਨੇ ਮਾਈਨਿੰਗ ਵਿਭਾਗ ਅਤੇ ਪੁਲਿਸ ਮੁਲਾਜ਼ਮਾਂ ਨਾਲ ਗਾਲੀ-ਗਲੋਚ ਅਤੇ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਵਿਅਕਤੀ ਜ਼ਬਰਦਸਤੀ ਟਰੈਕਟਰ ਭਜਾ ਕੇ ਹੁਸੈਨੀਵਾਲਾ ਰੋਡ ਵੱਲ ਲੈ ਗਿਆ।
ਮੁਲਜ਼ਮ ਨੇ ਰੋਕਣ ਦੀ ਕੋਸ਼ਿਸ਼ ਕਰ ਰਹੀ ਮਾਈਨਿੰਗ ਵਿਭਾਗ ਦੀ ਗੱਡੀ ਅਤੇ ਪੁਲਿਸ ਮੁਲਾਜ਼ਮਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।