ਵਿਦਿਆਰਥੀ ਵਿਗਿਆਨ ਮੰਥਨ ’ਚ ਅਕਸ਼ ਨੇ ਹਾਸਲ ਕੀਤਾ ਪਹਿਲਾ ਸਥਾਨ
ਵਿਦਿਆਰਥੀ ਵਿਗਿਆਨ ਮੰਥਨ ਵਿਚ ਡੀਸੀਐੱਮ ਦੇ ਅਕਸ਼ ਖੁਰਾਣਾ ਨੇ ਪੰਜਾਬ ’ਚੋਂ ਹਾਸਲ ਕੀਤਾ ਪਹਿਲਾ ਸਥਾਨ
Publish Date: Fri, 09 Jan 2026 03:10 PM (IST)
Updated Date: Sat, 10 Jan 2026 04:00 AM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਵਿਦਿਆਰਥੀ ਵਿਗਿਆਨ ਮੰਥਨ ਮੁਕਾਬਲੇ ਵਿਚ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਨੇ ਪੂਰੇ ਰਾਜ ਵਿਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਸਮੇਤ ਜ਼ਿਲ੍ਹੇ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਯਾਚਨਾ ਚਾਵਲਾ ਨੇ ਦੱਸਿਆ ਕਿ ਦਸਵੀਂ ਜਮਾਤ ਦੇ ਅਕਸ਼ ਖੁਰਾਣਾ ਨੇ ਇਸ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਹਰ ਸਾਲ ਇਸ ਪ੍ਰਤੀਯੋਗਤਾ ਵਿਚ ਸਕੂਲ ਦੇ ਵਿਦਿਆਰਥੀ ਹਿੱਸਾ ਲੈਂਦੇ ਹਨ ਅਤੇ ਮੋਹਰੀ ਸਥਾਨ ਪ੍ਰਾਪਤ ਕਰਦੇ ਹਨ। ਸਕੂਲ ਵਿਚ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ, ਤਾਂ ਜੋ ਉਨ੍ਹਾਂ ਵਿਚ ਅੱਗੇ ਵਧਣ ਦੀ ਭਾਵਨਾ ਪੈਦਾ ਹੋਵੇ ਅਤੇ ਉਨ੍ਹਾਂ ਦਾ ਸਰਬਪੱਖੀ ਵਿਕਾਸ ਹੋ ਸਕੇ। ਪ੍ਰਿੰਸੀਪਲ ਨੇ ਅਕਸ਼ ਖੁਰਾਣਾ ਨੂੰ ਉਸ ਦੇ ਉਜਵੱਲ ਭਵਿੱਖ ਲਈ ਵਧਾਈ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਇਹ ਵਿਦਿਆਰਥੀ ਰਾਸ਼ਟਰੀ ਪੱਧਰ ਦੀ ਮੁਕਾਬਲੇ ਵਿਚ ਹਿੱਸਾ ਲੈਣ ਲਈ ਚੁਣਿਆ ਗਿਆ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਪੱਧਰੀ ਵਿਦਿਆਰਥੀ ਵਿਗਿਆਨ ਮੰਥਨ ਵਿਚ ਸਕੂਲ ਦੇ 99 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਅਕਸ਼ ਦੇ ਪਿਤਾ ਸੰਜੇ ਖੁਰਾਣਾ ਡਾਕ ਵਿਭਾਗ ਵਿਚ ਅਸਿਸਟੈਂਟ ਸੁਪਰਡੈਂਟ ਹਨ ਅਤੇ ਮਾਤਾ ਰਸ਼ਮੀ ਘਰੇਲੂ ਸੁਆਣੀ ਹਨ।
ਅਕਸ਼ ਵੱਡਾ ਹੋ ਕੇ ਸਾਫਟਵੇਅਰ ਇੰਜੀਨੀਅਰ ਬਣਨਾ ਚਾਹੁੰਦਾ ਹੈ। ਉਹ ਫੈਂਸਿੰਗ (ਤਲਵਾਰਬਾਜ਼ੀ) ਦਾ ਖਿਡਾਰੀ ਹੈ ਅਤੇ ਉਸ ਨੇ ਇਕ ਕਿਤਾਬ ਵੀ ਲਿਖੀ ਹੈ। ਉਹ ਆਪਣਾ ਜ਼ਿਆਦਾਤਰ ਸਮਾਂ ਕਿਤਾਬਾਂ ਪੜ੍ਹਨ ਵਿਚ ਬਿਤਾਉਂਦਾ ਹੈ। ਡਿਪਟੀ ਪ੍ਰਿੰਸੀਪਲ ਮਨੀਸ਼ ਬਾਂਗਾ ਨੇ ਦੱਸਿਆ ਕਿ ਇਹ ਪ੍ਰਤੀਯੋਗਤਾ ਵਿਦਿਆਰਥੀਆਂ ਵਿੱਚ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨ ਅਤੇ ਉਨ੍ਹਾਂ ਵਿਚ ਵਿਗਿਆਨਕ ਪ੍ਰਤਿਭਾ ਦੀ ਪਛਾਣ ਕਰਨ ਦੇ ਉਦੇਸ਼ ਨਾਲ ਰਾਸ਼ਟਰੀ ਪੱਧਰ ’ਤੇ ਡਿਜੀਟਲ ਤਰੀਕੇ ਨਾਲ ‘ਵਿਗਿਆਨ ਭਾਰਤੀ’ ਅਤੇ ਐੱਨ.ਸੀ.ਈ.ਆਰ.ਟੀ.’ ਦੇ ਸਹਿਯੋਗ ਨਾਲ ਕਰਵਾਈ ਜਾਂਦੀ ਹੈ। ਇਸ ਪ੍ਰਤੀਯੋਗਤਾ ਵਿਚ ਦੇਸ਼ ਭਰ ਦੇ ਛੇਵੀਂ ਤੋਂ ਗਿਆਰ੍ਹਵੀਂ ਜਮਾਤ ਦੇ ਲੱਖਾਂ ਵਿਦਿਆਰਥੀ ਹਿੱਸਾ ਲੈਂਦੇ ਹਨ।